ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਸੂਬਾ ਪੱਧਰੀ ਮੀਟਿੰਗ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਹੋਈ। ਇਸ ਮੀਟਿੰਗ ਵਿੱਚ ਖੇਤੀ ਬਿੱਲਾਂ 'ਤੇ ਚਰਚਾ ਕੀਤੀ ਗਈ ਅਤੇ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਰਣਨੀਤੀ ਬਣਾਈ ਗਈ। ਕੇਂਦਰ ਸਰਕਾਰ ਵੱਲੋਂ ਕਣਕ ਦੇ ਸਮਰਥਨ ਮੁੱਲ ਵਿੱਚ ਕੀਤੇ ਗਏ 50 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਯੂਨੀਅਨ ਨੇ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਗਿਆ। ਕੇਂਦਰ ਸਰਕਾਰ ਦਾ ਇਹ ਐਲਾਨ ਕਿਸਾਨੀ ਸੰਘਰਸ਼ ਨੂੰ ਠੰਢਾ ਕਰਨ ਦੀ ਚਾਲ ਕਰਾਰ ਦਿੱਤਾ ਗਿਆ। ਇਸ ਮੌਕੇ ਸੂਬਾ ਪੱਧਰੀ ਮੀਟਿੰਗ ਵਿੱਚ ਭਾਜਪਾ ਆਗੂਆਂ ਦੇ ਪਿੰਡਾਂ ਵਿੱਚ ਆਉਣ 'ਤੇ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਨੂੰ ਲੈ ਕੇ ਅੱਜ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਹੈ। ਅੱਜ ਦੀ ਇਸ ਮੀਟਿੰਗ ਵਿੱਚ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਰਣਨੀਤੀ ਬਣਾਈ ਗਈ ਹੈ। ਪੰਜਾਬ ਬੰਦ ਨੂੰ ਲੈ ਕੇ ਕਿਸਾਨ ਦੇ ਨਾਲ-ਨਾਲ ਵਪਾਰੀ, ਆੜ੍ਹਤੀ, ਮਜ਼ਦੂਰ ਸਮੇਤ ਹਰ ਵਰਗ ਕਿਸਾਨਾਂ ਦੇ ਨਾਲ ਹੈ। ਇਸ ਬੰਦ ਦੌਰਾਨ ਪੰਜਾਬ ਵਿੱਚ ਪੱਤਾ ਵੀ ਨਹੀਂ ਹਿੱਲਣਾ। ਇਹ ਸੰਘਰਸ਼ ਆਖ਼ਰੀ ਦਮ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਸਮਰਥਨ ਮੁੱਲ ਵਿੱਚ ਕੀਤੇ ਗਏ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ। ਇਹ ਐਲਾਨ ਉਸ ਮੌਕੇ ਕੀਤਾ ਗਿਆ ਹੈ, ਜਿਸ ਸਮੇਂ ਕਿਸਾਨ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਸੜਕਾਂ ਤੇ ਉਤਰੇ ਹੋਏ ਹਨ। ਜਿਸ ਕਰਕੇ ਇਹ ਐਲਾਨ ਕਿਸਾਨੀ ਸੰਘਰਸ਼ ਨੂੰ ਠੰਡਾ ਕਰਨ ਲਈ ਕੀਤਾ ਗਿਆ ਹੈ।
ਸਰਕਾਰ ਵੱਲੋਂ 50 ਰੁਪਏ ਪ੍ਰਤੀ ਕੁਇੰਟਲ ਕਣਕ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ, ਜੋ ਬਹੁਤ ਨਿਗੂਣਾ ਹੈ। ਸਰਕਾਰ ਅਜਿਹਾ ਕਰਕੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਹੈ। ਭਾਜਪਾ ਪੰਜਾਬ ਦੇ ਲੀਡਰਾਂ ਵੱਲੋਂ ਕੇਂਦਰੀ ਖੇਤੀ ਬਿੱਲਾਂ ਦੇ ਹੱਕ ਵਿੱਚ ਕੀਤੀਆਂ ਪ੍ਰੈੱਸ ਕਾਨਫਰੰਸਾਂ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਇਨ੍ਹਾਂ ਖੇਤੀ ਬਿੱਲਾਂ ਪ੍ਰਤੀ ਜਾਗਰੂਕ ਹੈ। ਇਹ ਬਿੱਲ ਪੰਜਾਬ ਦੀ ਖੇਤੀ ਕਿਸਾਨੀ ਨੂੰ ਬਰਬਾਦ ਕਰਨ ਵਾਲੇ ਹਨ ਭਾਜਪਾ ਦੇ ਲੀਡਰ ਕਿਸਾਨਾਂ ਨੂੰ ਅਜੇ ਵੀ ਗੁੰਮਰਾਹ ਕਰ ਰਹੇ ਹਨ। ਜੇਕਰ ਇਹ ਭਾਜਪਾ ਲੀਡਰ ਪਿੰਡਾਂ ਵਿੱਚ ਆਏ ਤਾਂ ਇਨ੍ਹਾਂ ਦਾ ਘਿਰਾਓ ਕਰਕੇ ਬੰਦੀ ਬਣਾਇਆ ਜਾਵੇਗਾ।