ਅੱਗ ਦੀਆਂ ਘਟਨਾਵਾਂ 'ਤੇ ਕਾਬੂ ਪਾਉਂਦਾ ਬਰਨਾਲਾ ਦਾ ਇੱਕੋ-ਇੱਕ ਫ਼ਾਇਰ ਸਟੇਸ਼ਨ - ਅੱਗ ਨਾਲ ਬਹੁਤਾ ਵੱਡਾ ਨੁਕਸਾਨ ਨਹੀਂ
ਬਰਨਾਲਾ ਜ਼ਿਲ੍ਹੇ ਵਿੱਚ ਅੱਗ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਇੱਕੋ-ਇੱਕ ਫ਼ਾਇਰ ਸਟੇਸ਼ਨ ਮੌਜੂਦ ਹੈ, ਜਿਥੇ ਫ਼ਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਜੂਦ ਹਨ। ਇਸ ਸਟੇਸ਼ਨ ਕੋਲ ਪਾਣੀ ਦੇ ਵਧੇਰੇ ਸਰੋਤ ਹਨ, ਜਿਸ ਕਾਰਨ ਅੱਗ ਬੁਝਾਉਣ ਵਿੱਚ ਪਾਣੀ ਦੀ ਕੋਈ ਵੀ ਕਿੱਲ੍ਹਤ ਨਹੀਂ ਆਉਂਦੀ।
ਬਰਨਾਲਾ: ਅੱਗ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਬਰਨਾਲਾ ਜ਼ਿਲ੍ਹੇ ਵਿੱਚ ਸਿਰਫ਼ ਇੱਕੋ ਇੱਕ ਫਾਇਰ ਸਟੇਸ਼ਨ ਮੌਜੂਦ ਹੈ। ਜਿੱਥੇ ਤਿੰਨ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਰਾਹੀਂ ਅੱਗ ਦੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾਂਦਾ ਹੈ, ਜਿਸ ਲਈ ਫਾਇਰ ਵਿਭਾਗ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ।
ਜ਼ਿਲ੍ਹੇ ਵਿਚਲੇ ਕਈ ਕਾਰਪੋਰੇਟ ਫੈਕਟਰੀਆਂ ਵਿੱਚੋਂ ਵੀ ਪਾਣੀ ਦੇ ਸਰੋਤ ਦੇ ਤੌਰ 'ਤੇ ਫਾਇਰ ਵਿਭਾਗ ਨੂੰ ਮਦਦ ਮਿਲਦੀ ਆ ਰਹੀ ਹੈ। ਜਿਸ ਕਰਕੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਦੇ ਵੀ ਉਨ੍ਹਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਿਆ, ਜਿਸ ਕਰਕੇ ਕਦੇ ਕੋਈ ਅੱਗ ਨਾਲ ਬਹੁਤਾ ਵੱਡਾ ਨੁਕਸਾਨ ਨਹੀਂ ਹੋ ਸਕਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਬਰਨਾਲੇ ਵਿੱਚ ਸਰਕਾਰੀ ਤੌਰ 'ਤੇ ਇੱਕੋ-ਇੱਕ ਫਾਇਰ ਸਟੇਸ਼ਨ ਹੈ, ਜਿੱਥੇ ਉਨ੍ਹਾਂ ਕੋਲ ਤਿੰਨ ਫਾਇਰ ਗੱਡੀਆਂ ਮੌਜੂਦ ਹਨ। ਕਿਸੇ ਵੀ ਸਮੇਂ ਅੱਗ ਦੀ ਘਟਨਾ 'ਤੇ ਕਾਬੂ ਪਾਉਣ ਲਈ ਇਹ ਤਿੰਨ ਗੱਡੀਆਂ ਸਹਾਈ ਹਨ। ਇਸਤੋਂ ਇਲਾਵਾ ਜ਼ਿਲ੍ਹੇ ਵਿਚ ਮੌਜੂਦ ਵੱਡੀ ਟਰਾਈਡੈਂਟ ਫੈਕਟਰੀ ਅਤੇ ਸਟੈਂਡਰਡ ਕਾਰਪੋਰੇਸ਼ਨ ਕੋਲ ਵੀ ਆਪੋ ਆਪਣੇ ਪੱਧਰ ਤੇ ਫਾਇਰ ਗੱਡੀਆਂ ਮੌਜੂਦ ਹਨ ਅਤੇ ਲੋੜ ਪੈਣ 'ਤੇ ਉਨ੍ਹਾਂ ਦੀ ਮਦਦ ਵੀ ਫਾਇਰ ਵਿਭਾਗ ਨੂੰ ਮਿਲਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਹੁਗਿਣਤੀ ਘਟਨਾਵਾਂ ਖੇਤੀ ਨਾਲ ਸਬੰਧਤ ਹੀ ਵਾਪਰਦੀਆਂ ਹਨ। ਹਾੜ੍ਹੀ ਦੇ ਮੌਸਮ ਵਿੱਚ ਕਣਕ ਦੀਆਂ ਫ਼ਸਲਾਂ ਨੂੰ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਦੇ ਮੱਦੇਨਜ਼ਰ ਫਾਇਰ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ, ਜਿਸ ਕਰਕੇ ਹੁਣ ਕਿਸਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੇ ਪੱਧਰ 'ਤੇ ਪਿੰਡਾਂ ਵਿੱਚ ਮਿੰਨੀ ਫਾਇਰ ਬ੍ਰਿਗੇਡ ਤਿਆਰ ਕੀਤੇ ਗਏ ਹਨ। ਫੈਕਟਰੀਆਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਅੱਗ ਦੀਆਂ ਬਹੁਤੀਆਂ ਵੱਡੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ ਹਨ। ਜਦੋਂਕਿ ਛੋਟੀ ਅੱਗ ਦੀ ਘਟਨਾ ਦੇ ਲੋਕਾਂ ਵੱਲੋਂ ਆਪਣੇ ਪੱਧਰ 'ਤੇ ਹੀ ਕਾਬੂ ਪਾ ਲਿਆ ਜਾਂਦਾ ਹੈ।
ਇਨ੍ਹਾਂ ਫਾਇਰ ਗੱਡੀਆਂ ਵਿਚ ਪਾਣੀ ਦੇ ਸਰੋਤਾਂ ਦੇ ਤੌਰ 'ਤੇ ਫਾਇਰ ਵਿਭਾਗ ਕੋਲ ਬਰਨਾਲਾ ਸ਼ਹਿਰ ਵਿੱਚ ਅਨੇਕਾਂ ਹਾਈਡ੍ਰੇਟਸ ਸਟੇਸ਼ਨ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਫਾਇਰ ਸਟੇਸ਼ਨ ਦਾਣਾ ਮੰਡੀ, 22 ਏਕੜ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਤੋਂ ਇਲਾਵਾ ਦਸ ਦੇ ਕਰੀਬ ਥਾਵਾਂ 'ਤੇ ਹਾਈਡ੍ਰੇਟਸ ਸਟੇਸ਼ਨ ਬਣਾਏ ਹੋਏ ਹਨ, ਜਿਥੇ ਲੋਡ਼ ਪੈਣ 'ਤੇ ਫਾਇਰ ਗੱਡੀਆਂ ਵਿੱਚ ਪਾਣੀ ਭਰ ਲਿਆ ਜਾਂਦਾ ਹੈ। ਇਨ੍ਹਾਂ ਹਾਈਡਰੇਟਸ ਸਟੇਸ਼ਨਾਂ ਦੀ ਆਪਸ ਵਿੱਚ ਦੂਰੀ ਡੇਢ ਤੋਂ ਦੋ ਕਿਲੋਮੀਟਰ ਹੈ, ਜਿਸ ਕਰਕੇ ਕਦੇ ਵੀ ਅੱਗ ਦੀ ਘਟਨਾ ਵਾਪਰਨ 'ਤੇ ਫਾਇਰ ਵਿਭਾਗ ਨੂੰ ਸਮੱਸਿਆ ਨਹੀਂ ਆਈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਟਰਾਈਡੈਂਟ ਫੈਕਟਰੀ ਅਤੇ ਸਟੈਂਡਰਡ ਕਾਰਪੋਰੇਸ਼ਨ ਵਿੱਚ ਵੱਡੇ ਪੱਧਰ 'ਤੇ ਪਾਣੀ ਸਟੋਰ ਕੀਤਾ ਹੁੰਦਾ ਹੈ। ਲੋੜ ਪੈਣ 'ਤੇ ਫਾਇਰ ਵਿਭਾਗ ਨੂੰ ਇਨ੍ਹਾਂ ਫੈਕਟਰੀਆਂ ਤੋਂ ਵੀ ਮਦਦ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਛੋਟੇ ਕਾਰੋਬਾਰੀਆਂ, ਦੁਕਾਨਾਂ, ਸ਼ਾਪਿੰਗ ਮੌਲ, ਰੈਸਟੋਰੈਂਟ ਦੇ ਪ੍ਰਬੰਧਕਾਂ ਨੂੰ ਫਾਇਰ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਟ੍ਰੇਨਿੰਗ ਅਤੇ ਫਸਟ ਏਡ ਦੇ ਤੌਰ 'ਤੇ ਪਾਣੀ ਦੇ ਪ੍ਰਬੰਧਾਂ ਲਈ ਜਾਗਰੂਕ ਕੀਤਾ ਜਾ ਰਿਹਾ ਹੈ।