ਬਰਨਾਲਾ: ਬਰਨਾਲਾ (Barnala) ਦੇ ਨੌਜਵਾਨ ਦਮਨੀਤ ਸਿੰਘ ਨੇ ਨੈਸ਼ਨਲ ਖੇਡਾਂ (National Games) 'ਚ ਹੈਮਰ ਥਰੋ ਵਿੱਚ ਗੋਲਡ ਮੈਡਲ ਜਿੱਤਿਆ ਹੈ। ਦਮਨੀਤ ਸਿੰਘ ਨੇ ਵਿਸ਼ਵ ਐਥਲੇਟਿਕਸ ਚੈਂਪਿਅਨਸ਼ਿਪ (World Athletics Championships) ਅਤੇ ਏਸ਼ੀਆਈ ਖੇਡਾਂ (Asian Games) ਵਿੱਚੋਂ ਮੈਡਲ ਲਿਆ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।
ਉਸ ਦੁਆਰਾ ਵਿਸ਼ਵ ਐਥਲੇਟਿਕਸ ਚੈਂਪਿਅਨਸ਼ਿਪ 2017 ਵਿੱਚ ਅਤੇ ਏਸ਼ੀਆਈ ਖੇਡਾਂ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਤੇਲੰਗਾਨਾ ਵਿੱਚ ਹੋਈਆਂ 60 ਵੀਂ ਰਾਸ਼ਟਰੀ ਓਪਨ ਐਥਲੇਟਿਕਸ ਚੈਂਪਿਅਨਸ਼ਿਪ ਵਿੱਚ ਦਮਨੀਤ ਸਿੰਘ ਨੇ ਹੈਮਰ ਥਰੋ ਵਿੱਚ ਸੋਨੇ ਦਾ ਤਗਮਾ ਜਿੱਤਣ ਦੇ ਬਾਅਦ ਪੰਜਾਬ ਅਤੇ ਬਰਨਾਲਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਤੇਲੰਗਾਨਾ ਵਿੱਚ ਇਹ ਖੇਡਾਂ 15 ਤੋਂ 19 ਸਤੰਬਰ 2021 ਨੂੰ ਸੰਪੰਨ ਹੋਈਆਂ ਹਨ। ਉਸਨੇ ਨੈਸ਼ਨਲ ਖੇਡਾਂ 'ਚ ਹੈਮਰ ਥਰੋ ਵਿੱਚ ਗੋਲਡ ਮੈਡਲ ਜਿੱਤ ਕੇ ਬਾਜੀ ਮਾਰੀ ਹੈ।
ਗੋਲਡ ਮੈਡਲ ਜਿੱਤ ਕੇ ਦਮਨੀਤ ਸਿੰਘ ਨੇ ਪੰਜਾਬ ਅਤੇ ਬਰਨਾਲਾ ਜ਼ਿਲ੍ਹੇ ਦੀ ਸ਼ਾਨ ਵਿੱਚ ਵਾਧਾ ਕੀਤਾ ਹੈ। ਬਰਨਾਲਾ ਪੁੱਜਣ ਉੱਤੇ ਦਮਨੀਤ ਸਿੰਘ ਦਾ ਉਸਦੀ ਵਿੱਦਿਅਕ ਸੰਸਥਾ ਵਿੱਚ ਸ਼ਹਿਰ ਵਾਸੀਆਂ ਅਤੇ ਪਰਵਾਰ ਦੇ ਵੱਲੋਂ ਭੰਗੜਾ ਅਤੇ ਢੋਲ ਵਜਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਉੱਤੇ ਬਰਨਾਲਾ ਪੁੱਜੇ ਦਮਨੀਤ ਸਿੰਘ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਪਿਤਾ ਅਤੇ ਕੋਚ ਉੱਤੇ ਸਜਾਉਂਦੇ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਅੱਜ ਮੈਂ ਇੱਥੇ ਪਹੁੰਚ ਸਕਿਆ ਹਾਂ। ਉਸ ਕਿਹਾ ਕਿ ਅਗਲਾ ਮੇਰਾ ਟਾਰਗੇਟ ਏਸ਼ੀਅਨ ਖੇਡਾਂ ਵਿੱਚ ਆਪਣੇ ਦੇਸ਼ ਲਈ ਗੋਲਡ ਮੈਡਲ ਜਿੱਤਣਾ ਹੈ।
ਇਸ ਮੌਕੇ ਦਮਨੀਤ ਸਿੰਘ ਦੇ ਪਿਤਾ ਨੇ ਵੀ ਦਮਨੀਤ ਦੀ ਮਿਹਨਤ ਉੱਤੇ ਮਾਨ ਕਰਦੇ ਹੋਏ ਖ਼ੁਸ਼ੀ ਜਾਹਿਰ ਕੀਤੀ ਹੈ ਕਿ ਦਮਨੀਤ ਸਿੰਘ ਨੇ ਆਪਣੀ ਮਿਹਨਤ ਸਦਕਾ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਅੱਗੇ ਵੀ ਇਸ ਤਰੀਕੇ ਨਾਲ ਦੇਸ਼ ਲਈ ਗੋਲਡ ਮੈਡਲ ਹਾਸਲ ਕਰਨ ਲਈ ਮਿਹਨਤ ਕਰ ਰਿਹਾ ਹੈ। ਅੱਜ ਇਸ ਜਿੱਤ ਉੱਤੇ ਸਾਨੂੰ ਸਭ ਨੂੰ ਬਹੁਤ ਹੀ ਖੁਸ਼ੀ ਅਤੇ ਮਾਨ ਮਹਿਸੂਸ ਹੋ ਰਿਹਾ ਹੈ।
ਇਹ ਵੀ ਪੜ੍ਹੋ:- ICC Women Ranking: ਮਿਤਾਲੀ ਰਾਜ ਦੁਬਾਰਾ ਬਣੀ ਨੰਬਰ 1