ਬਰਨਾਲਾ: ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਲਗਾਤਾਰ ਡੇਢ ਮਹੀਨੇ ਤੋਂ ਕਰਫਿਊ ਜਾਰੀ ਹੈ। ਇਸ ਕਰਫਿਊ ਦੌਰਾਨ ਲੋਕਾਂ ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕੁਝ ਛੋਟ ਦਿੱਤੀ ਗਈ ਹੈ। ਇਸ ਛੋਟ ਦੌਰਾਨ ਬਰਨਾਲਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਹੋਰ ਸਖ਼ਤੀ ਕਰ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਸ਼ਹਿਰ ਵਿੱਚ ਹਰ ਤਰ੍ਹਾਂ ਦੇ ਵਾਹਨ ਲਿਜਾਣ 'ਤੇ ਪਾਬੰਦੀ ਲਗਾਈ ਗਈ ਹੈ।
ਪਿਛਲੇ ਦਿਨੀਂ ਦਿੱਤੀ ਗਈ ਛੋਟ ਦੌਰਾਨ ਬਰਨਾਲਾ ਵਿੱਖੇ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ, ਜਿਸ ਨੂੰ ਦੇਖਦੇ ਹੋਏ ਬਰਨਾਲਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਇਸ ਛੋਟ ਦੌਰਾਨ ਸਖ਼ਤੀ ਕੀਤੀ ਗਈ, ਜਿਸ ਦੇ ਚੱਲਦਿਆਂ ਸ਼ਹਿਰ ਵਿੱਚ ਵਾਹਨ ਲਿਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ। ਲੋਕਾਂ ਵੱਲੋਂ ਪੈਦਲ ਆ ਕੇ ਹੀ ਹਰ ਤਰ੍ਹਾਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੁਕਾਨਾਂ ਖੋਲ੍ਹਣ ਦੇ ਸਮੇਂ ਵਿੱਚ ਵੀ ਤਬਦੀਲੀ ਕੀਤੀ ਗਈ। ਦੁਕਾਨਾਂ ਅਤੇ ਬਾਜ਼ਾਰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਖੁੱਲ੍ਹੇ ਰਹੇ।
ਇਸ ਸਬੰਧੀ ਬਰਨਾਲਾ ਦੇ ਡੀਐਸਪੀ ਰਾਜੇਸ਼ ਛਿੱਬਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਕਾਨਾਂ ਅਤੇ ਬਾਜ਼ਾਰ ਖੋਲ੍ਹਣ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਵਾਹਨ ਦੇ ਆਉਣ 'ਤੇ ਪਬੰਦੀ ਲਗਾਈ ਗਈ ਹੈ। ਐਮਰਜੈਂਸੀ ਹਾਲਾਤਾਂ ਵਿੱਚ ਹੀ ਵਾਹਨ ਲਿਜਾਣ ਇਜਾਜ਼ਤ ਦਿੱਤੀ ਗਈ ਹੈ।