ਬਰਨਾਲਾ: ਪੰਜਾਬ ਭਰ ਵਿੱਚ ਡੇਂਗੂ ਦੀ ਬੀਮਾਰ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਡੇਂਗੂ ਦੀ ਬੀਮਾਰੀ ਦਾ ਸਾਹਮਣਾ ਕਰਨ ਲਈ ਬਰਨਾਲਾ ਜ਼ਿਲ੍ਹੇ ਦਾ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਤਿਆਰ ਹੈ। ਡੇਂਗੂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਿਵਲ ਸਰਜਨ ਡਾ.ਜਸਵੀਰ ਸਿੰਘ ਔਲਖ ਨੇ ਇਸ ਮੁਹਿੰਮ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ.ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਨਵੰਬਰ ਮਹੀਨੇ ਮੌਕੇ ਡੇਂਗੂ ਦੀ ਬੀਮਾਰੀ ਦਾ ਪ੍ਰਭਾਵ ਵਧ ਜਾਂਦਾ ਹੈ। ਬਰਨਾਲਾ ਜ਼ਿਲ੍ਹਾ ਪੰਜਾਬ ਦੇ ਹੋਰਾਂ ਜ਼ਿਲ੍ਹਿਆਂ ਵਾਂਗ ਇਸ ਬੀਮਾਰੀ ਤੋਂ ਪ੍ਰਭਾਵਿਤ ਨਹੀਂ ਹੈ। ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਰੈਲੀ ਕੱਢੀ ਗਈ ਹੈ ਅਤੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਲੋਕਾਂ ਨੂੰ ਡੇਂਗੂ ਬੀਮਾਰੀ ਤੋਂ ਬਚਣ ਲਈ ਗਲੀ ਗਲੀ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਡੇਂਗੂ ਇੱਕ ਵਾਇਰਸ ਬੀਮਾਰੀ ਹੈ। ਇਸਦੀ ਰੋਕਥਾਮ ਹੀ ਇਸ ਤੋਂ ਬਚਣ ਦਾ ਹੱਲ ਹੈ। ਉਹਨਾਂ ਕਿਹਾ ਕਿ ਡੇਂਗੂ ਦਾ ਮੱਛਰ ਜਾਂ ਲਾਰਵਾ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਜਿਸ ਕਰਕੇ ਕਿਸੇ ਵੀ ਥਾਂ ਘਰਾਂ ਵਿੱਚ, ਗਮਲਿਆਂ, ਟਾਇਰਾਂ, ਗਲੀ ਮੁਹੱਲੇ ਵਿੱਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ। ਇਸ ਨਾਲ ਡੇਂਗੂ ਦਾ ਮੱਛਰ ਪੈਦਾ ਹੀ ਨਹੀਂ ਹੋਵੇਗਾ।
ਉਹਨਾਂ ਕਿਹਾ ਕਿ ਜੇਕਰ ਡੇਂਗੂ ਦੀ ਬੀਮਾਰੀ ਤੋਂ ਕੋਈ ਵਿਅਕਤੀ ਪੀੜਤ ਹੁੰਦਾ ਹੈ ਤਾਂ ਉਸਦੇ ਲੱਛਣ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਤੇਜ਼ ਬੁਖ਼ਾਰ, ਹੱਡਤੋੜ ਬੁਖ਼ਾਰ, ਚਮੜੀ ਉਪਰ ਖ਼ੂਨ ਦੇ ਧੱਬੇ ਪੈਣਾ ਹੀ ਇਸਦੇ ਲੱਛਣ ਹੈ। ਇਸ ਲਈ ਤੁਰੰਤ ਸਿਹਤ ਵਿਭਾਗ ਨਾਲ ਤਾਲਮੇਲ ਕਰਨਾ ਚਾਹੀਦਾ ਹੈ। ਇਸ ਲਈ ਬਰਨਾਲਾ, ਧਨੌਲਾ, ਤਪਾ ਮੰਡੀ ਅਤੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਇਲਾਜ਼ ਲਈ ਬਾਕਾਇਦਾ ਪ੍ਰਬੰਧ ਤੇ ਵਾਰਡ ਬਣਾਏ ਹੋਏ ਹਨ। ਇਸ ਲਈ ਹੁਣ ਡੇਂਗੂ ਦੀ ਇਹ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਇਹ ਵੀ ਪੜ੍ਹੋ: 'ਪਰਾਲੀ ਪ੍ਰਦੂਸ਼ਣ ਦੇ ਬਹਾਨੇ 'ਭਾਜਪਾ' ਕਿਸਾਨਾਂ ਕੋਲੋ 'ਕਿਸਾਨ ਅੰਦੋਲਨ' ਦਾ ਬਦਲਾ ਲੈ ਰਹੀ'