ਬਰਨਾਲਾ: ਪੰਜਾਬ ਵਿਚ ਸੱਤਾ ਬਦਲਣ ਤੋਂ ਬਾਅਦ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਘਟਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਜਿਸ ਤਹਿਤ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਇਕਾਂ ਨੂੰ ਆਪਣੇ ਹਲਕਿਆਂ ਵਿੱਚ ਲੋਕਾਂ ਦਾ ਕੰਮ ਕਰਨ ਲਈ ਕਿਹਾ ਗਿਆ ਹੈ, ਉੱਥੇ ਹੀ ਹੁਣ ਡਿਪਟੀ ਕਮਿਸ਼ਨਰਾਂ ਸਣੇ ਹੋਰ ਅਧਿਕਾਰੀਆਂ ਨੂੰ ਪਿੰਡਾਂ ਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸੇ ਤਹਿਤ ਹੀ ਬਰਨਾਲਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਆਮ ਲੋਕਾਂ ਦੀ ਸੁਵਿਧਾ ਲਈ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ। ਜ਼ਿਲਾ ਵਾਸੀਆਂ ਨੂੰ ਬਿਹਤਰੀਨ ਸੇਵਾਵਾਂ ਮੁਹੱਈਆ ਕਰਾਉਣ ਲਈ ਭਲਕੇ ਤੋਂ ਸੇਵਾ ਕੇਂਦਰ ਹਫ਼ਤੇ ਦੇ ਸੱਤੇ ਦਿਨ ਖੁੱਲੇ ਰਹਿਣਗੇ। ਇਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹਰੀਸ਼ ਨਾਇਰ ਨੇ ਦੱਸਿਆ ਕਿ ਹੁਣ ਸੇਵਾ ਕੇਂਦਰ ਐਤਵਾਰ ਵੀ ਖੁੱਲਣਗੇ ਅਤੇ ਸਟਾਫ਼ ਸ਼ਿਫਟਾਂ ਵਿਚ ਕੰਮ ਕਰੇਗਾ। ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਦਾ ਸਮਾਂ 7 ਅਪ੍ਰੈਲ 2022 ਤੋਂ 7 ਮਈ 2022 ਤੱਕ ਬਦਲ ਕੇ (ਸੋਮਵਾਰ ਤੋਂ ਸ਼ੁੱਕਰਵਾਰ) ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤਾ ਗਿਆ ਹੈ, ਜਦਕਿ ਸ਼ਨੀਵਾਰ ਅਤੇ ਐਤਵਾਰ ਸਮਾਂ ਸਵੇਰ 8 ਵਜੇ ਤੋਂ ਸ਼ਾਮ 4 ਵਜੇ ਦਾ ਹੋਵੇਗਾ।
ਉਨਾਂ ਦੱਸਿਆ ਕਿ ਜ਼ਿਲੇ ਵਿੱਚ ਕੁੱਲ 13 ਸੇਵਾ ਕੇਂਦਰ ਸੇਵਾਵਾਂ ਦੇ ਰਹੇ ਹਨ। ਬਰਨਾਲਾ ਸਬ ਡਿਵੀਜ਼ਨ ਅਧੀਨ 7 ਸੇਵਾ ਕੇਂਦਰ ਚੱਲ ਰਹੇ ਹਨ, ਜਦੋਂਕਿ ਤਪਾ ਸਬ ਡਿਵੀਜ਼ਨ ਅਧੀਨ 6 ਸੇਵਾ ਕੇਂਦਰ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ।
ਇਹ ਵੀ ਪੜੋ: ਬਹਿਬਲ ਕਲਾਂ ਗੋਲੀਕਾਂਡ ਇਨਸਾਫ਼ ਲਈ ਪੰਥ ਦਾ ਵੱਡਾ ਇਕੱਠ: ਜਥੇਬੰਦੀਆਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ