ਬਰਨਾਲਾ: ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸਾਲਾਨਾ ਬਰਸੀ ਸਮਾਗਮ ਮੌਕੇ ਸ਼ਰਧਾਂਜਲੀ ਭੇਂਟ ਕਰਨ ਪੁੱਜੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡੀਸੀ ਦਫ਼ਤਰ ਬਰਨਾਲਾ ਵਿੱਚੋਂ ਹਟਾਏ ਗਏ 24 ਮੁਲਾਜ਼ਮ ਆਪਣੀ ਬਹਾਲੀ ਲਈ ਤਰਲੇ ਮਿੰਨਤਾ ਕੱਢਦੇ ਦਿਖਾਏ ਦਿੱਤੇ ਹਨ। ਸੰਘਰਸ਼ ਕਮੇਟੀ ਦੀ ਪ੍ਰਧਾਨ ਪੀੜਤ ਮੁਲਾਜ਼ਮ ਰਮਨਪ੍ਰੀਤ ਕੌਰ ਮਾਨ ਅਤੇ ਸਾਥੀ ਮੁਲਾਜ਼ਮਾਂ ਨੇ ਸੀਐਮ ਮਾਨ ਨੂੰ ਹੱਥ ਜੋੜਕੇ ਦੱਸਿਆ ਕਿ ਉਹ ਡੀਸੀ ਦਫ਼ਤਰ ਵਿੱਚ ਪਿਛਲੇ 13 ਸਾਲਾਂ ਤੋਂ ਕੰਮ ਕਰ ਰਹੇ ਹਨ। ਪਰ ਉਹਨਾਂ ਨੂੰ ਨੌਕਰੀ ਤੋਂ ਬਿਨ੍ਹਾਂ ਕਿਸੇ ਕਾਰਨ ਕੱਢ ਦਿੱਤਾ ਗਿਆ ਹੈ। ਜਿਸ ਕਰਕੇ ਉਹ ਆਪਣੀ ਨੌਕਰੀ ਲਈ ਬਹਾਲੀ ਲਈ ਪਿਛਲੇ 21 ਦਿਨਾਂ ਤੋਂ ਡੀਸੀ ਦਫ਼ਤਰ ਦੇ ਬਾਹਰ ਵਰ੍ਹਦੀ ਠੰਢ ਵਿੱਚ ਸੰਘਰਸ਼ ਕਰਕੇ ਰਾਤਾਂ ਕੱਟ ਰਹੇ ਹਨ।
ਸੀਐੱਮ ਮਾਨ ਨੂੰ ਕੀਤੀ ਅਪੀਲ: ਉਹਨਾਂ ਸੀਐਮ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ। ਇਹਨਾਂ ਮੁਲਾਜ਼ਮਾਂ ਨੂੰ ਸੀਐਮ ਭਗਵੰਤ ਮਾਨ ਨੇ ਨੌਕਰੀ ’ਤੇ ਬਹਾਲ ਰੱਖਣ ਦਾ ਭਰੋਸਾ ਦਿੱਤਾ ਹੈ। ਸੀਐਮ ਨੇ ਮੌਕੇ ’ਤੇ ਡੀਸੀ ਬਰਨਾਲਾ ਨੂੰ ਤੁਰੰਤ ਇਹਨਾਂ ਮੁਲਾਜ਼ਮਾਂ ਨੂੰ ਨੌਕਰੀ ’ਤੇ ਰੱਖਣ ਦਾ ਹੁਕਮ ਦਿੱਤਾ ਹੈ। ਸੀਐਮ ਮਾਨ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਹਟਾਇਆ ਨਹੀਂ ਜਾਵੇਗਾ। ਸਰਕਾਰ ਨਵੀਆਂ ਤਹਿਸੀਲਾਂ ਬਣਾਉਣ ਜਾ ਰਹੀ ਹੈ ਅਤੇ ਉਨਾਂ ਦੀ ਨੌਕਰੀ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇਗੀ।
ਇਹ ਵੀ ਪੜ੍ਹੋ: 4 ਫੁੱਟ ਦੀ ਜੀਪ ਬਣੀ ਖਿੱਚ ਦਾ ਕੇਂਦਰ ,ਨੌਜਵਾਨ ਨੇ ਸ਼ੌਂਕ ਪੂਰਨ ਲਈ ਤਿਆਰ ਕੀਤੀ ਜੀਪ, ਜਾਣੋ ਕੀ ਨੇ ਇਸ ਦੀਆਂ ਖੂਬੀਆਂ...
ਦੂਜੇ ਪਾਸੇ ਸੀਐਮ ਨੇ ਮੁਲਾਜ਼ਮਾਂ ਨੂੰ ਆਪਣਾ ਧਰਨਾ ਖ਼ਤਮ ਕਰਨ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਜਲਦ ਉਹਨਾਂ ਨੂੰ ਡਿਊਟੀ ’ਤੇ ਬੁਲਾ ਲਿਆ ਜਾਵੇਗਾ। ਹਾਲਾਂਕਿ ਪੀੜਤ ਮੁਲਾਜ਼ਮਾਂ ਨੇ ਸੀਐਮ ਸਾਹਮਣੇ ਖੜ੍ਹੇ ਮੰਤਰੀ ਮੀਤ ਹੇਅਰ ਅਤੇ ਡੀਸੀ ਬਰਨਾਲਾ ਨਾਲ ਵੀ ਰੋਸ ਵਿਅਕਤ ਕਰਦਿਆਂ ਕਿਹਾ ਕਿ ਇਹਨਾਂ ਕੋਲ ਵੀ ਕਈ ਵਾਰ ਗਏ, ਪਰ ਕੋਈ ਸੁਣਵਾਈ ਨਹੀਂ ਕੀਤੀ। ਇਸ ਸਬੰਧੀ ਜੱਥੇਬੰਦੀ ਪ੍ਰਧਾਨ ਰਮਨਪ੍ਰੀਤ ਕੌਰ ਮਾਨ ਨੇ ਕਿਹਾ ਕਿ ਭਾਵੇਂ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਨੌਕਰੀ ’ਤੇ ਮੁੜ ਬਹਾਲ ਕਰਨ ਦਾ ਭਰੋਸਾ ਦਿੱਤਾ ਹੈ ਪਰ ਉਹ ਆਪਣਾ ਧਰਨਾ ਅਤੇ ਭੁੱਖ ਹੜਤਾਲ ਖ਼ਤਮ ਨਹੀਂ ਕਰਨਗੇ। ਉਹਨਾਂ ਦੱਸਿਆ ਕਿ ਸੀਐਮ ਮਾਨ ਨੇ ਉਹਨਾਂ ਨੂੰ ਸਿਰਫ਼ ਜ਼ੁਬਾਨੀ ਭਰੋਸਾ ਦਿੱਤਾ ਹੈ, ਜਦੋ ਤੱਕ ਲਿਖਤੀ ਤੌਰ ’ਤੇ ਨੌਕਰੀ ਬਹਾਲੀ ਨਹੀਂ ਹੁੰਦੀ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।