ਬਰਨਾਲਾ: ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਨੇ ਬਰਨਾਲਾ ਸ਼ਹਿਰ ਵਿੱਚ ਸ਼ਹਿਰ ਦੇ 31 ਵਿੱਚੋਂ 26 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ 26 ਵਾਰਡਾਂ ਦੇ ਉਮੀਦਵਾਰ ਐਲਾਨੇ ਗਏ ਹਨ। ਬਾਕੀ ਰਹਿੰਦੇ 5 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਇਹ ਨਗਰ ਕੌਂਸ਼ਲ ਚੋਣਾਂ ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾ ਰਹੀਆਂ ਹਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਵੱਲੋਂ ਭੇਜੀਆਂ ਗ੍ਰਾਟਾਂ ਨਾਲ ਹੀ ਹੁਣ ਤੱਕ ਦੇ ਸ਼ਹਿਰ ਦੇ ਵਿਕਾਸ ਕਾਰਜ਼ ਚੱਲ ਰਹੇ ਹਨ। ਸ਼ਹਿਰ ਵਿੱਚ ਸੀਵਰੇਜ਼, ਸੜਕਾਂ ਆਦਿ ਅਕਾਲੀ ਸਰਕਾਰ ਵਲੋਂ ਭੇਜੇ ਫ਼ੰਡਾਂ ਨਾਲ ਬਣਾਏ ਗਏ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ 4 ਸਾਲਾਂ ਦੌਰਾਨ ਇੱਕ ਪੈਸਾ ਵੀ ਸ਼ਹਿਰ ਦੇ ਵਿਕਾਸ ਲਈ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਾਰੇ ਵਾਰਡਾਂ ’ਤੇ ਚੋਣ ਲੜ ਰਿਹਾ ਹੈ, ਜਦੋਂਕਿ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਚੋਣ ਲੜਨ ਲਈ ਉਮੀਦਵਾਰ ਵੀ ਨਹੀਂ ਮਿਲ ਰਹੇ। ਅਜਿਹਾ ਹਾਲ ਹੀ ਆਮ ਆਦਮੀ ਪਾਰਟੀ ਦਾ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਵਿੱਚ ਬਹੁਮਤ ਹਾਸਲ ਕਰਕੇ ਜਿੱਤੇਗਾ।
ਇਸ ਮੌਕੇ ਚੋਣ ਲੜ ਰਹੇ ਉਮੀਦਵਾਰਾਂ ਨੇ ਕਿਹਾ ਕਿ ਉਹ ਵਿਕਾਸ ਦੇ ਮੁੱਦੇ ਨੂੰ ਲੈ ਕੇ ਹੀ ਚੋਣ ਮੈਦਾਨ ਵਿੱਚ ਆਏ ਹਨ। ਪਹਿਲਾਂ ਐਮਸੀ ਚੋਣਾਂ ਜਿੱਤ ਕੇ ਲੋਕਾਂ ਤੋਂ ਦੂਰੀ ਬਣਾ ਲੈਂਦੇ ਸਨ। ਪਰ ਉਹ ਅਜਿਹਾ ਨਹੀਂ ਕਰਨਗੇ। ਲੋਕਾਂ ਦੇ ਬੁਨਿਆਦੀ ਕੰਮਾਂ ਲਈ ਉਹ ਸਮੇਂ ਲੋਕਾਂ ਵਿੱਚ ਹਾਜ਼ਰ ਰਹਿਣਗੇ ਅਤੇ ਉਹਨਾਂ ਦੇ ਹਰ ਤਰਾਂ ਦੇ ਕੰਮ ਕਰਵਾਉਣ ਨੂੰ ਪਹਿਲ ਦੇਣਗੇ।