ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇਥੇ ਸੰਘਰਸ਼ ਦੌਰਾਨ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ ਦੇ ਘਰ ਅੱਗੇ ਪੰਜ ਦਿਨ ਪਹਿਲਾਂ ਕਿਸਾਨ ਜ਼ੋਰਾ ਸਿੰਘ ਦੀ ਮੌਤ ਹੋ ਗਈ ਸੀ, ਜਿਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਲਈ 10 ਲੱਖ ਮੁਆਵਜ਼ਾ ਰਾਸ਼ੀ, ਇੱਕ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਸੋਮਵਾਰ ਕਿਸਾਨੀ ਸੰਘਰਸ਼ ਅੱਗੇ ਝੁਕਦਿਆਂ ਬਰਨਾਲਾ ਪ੍ਰਸ਼ਾਸਨ ਨੇ ਮੰਗਾਂ ਮੰਨ ਲਈਆਂ ਅਤੇ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਤਹਿਸੀਲਦਾਰ ਨੇ ਪੰਜ ਲੱਖ ਰੁਪਏ ਦਾ ਚੈਕ ਪੀੜਤ ਪਰਿਵਾਰ ਨੂੰ ਸੌਂਪਿਆ। ਉਪਰੰਤ ਕਿਸਾਨ ਜਥੇਬੰਦੀ ਅਤੇ ਪਰਿਵਾਰ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਅਤੇ ਸਸਕਾਰ ਕੀਤਾ ਗਿਆ।
ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜ਼ੋਰਾ ਸਿੰਘ ਦੀ ਧਰਨੇ ਦੌਰਾਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਦੱਸ ਲੱਖ ਮੁਆਵਜ਼ਾ ਰਾਸ਼ੀ, ਪਰਿਵਾਰ ਦੀ ਪੂਰੀ ਕਰਜ਼ਾ ਮੁਆਫੀ ਅਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਸੀ।
ਆਗੂਆਂ ਨੇ ਕਿਹਾ ਕਿ ਮੰਗਾਂ ਸਬੰਧੀ ਪ੍ਰਸ਼ਾਸਨ ਪਿਛਲੇ ਦਿਨੀ ਟਾਲ-ਮਟੋਲ ਕਰਦਾ ਆ ਰਿਹਾ ਸੀ, ਪਰ ਜਥੇਬੰਦੀ ਵੱਲੋਂ ਲਏ ਗਏ ਸਖ਼ਤ ਸਟੈਂਡ ਕਾਰਨ ਪ੍ਰਸ਼ਾਸਨ ਨੂੰ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਬਰਨਾਲਾ ਦੇ ਤਹਿਸੀਲਦਾਰ ਵੱਲੋਂ ਸੋਮਵਾਰ ਮੌਕੇ 'ਤੇ ਪਹੁੰਚ ਕੇ ਪੀੜਤ ਪਰਿਵਾਰ ਨੂੰ ਪੰਜ ਲੱਖ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ ਹੈ। ਜਦੋਂਕਿ ਰਹਿੰਦੀ 5 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਾ ਚੈੱਕ ਮ੍ਰਿਤਕ ਦੇ ਭੋਗ ਮੌਕੇ ਦਿੱਤਾ ਜਾਵੇਗਾ ਅਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਵੀ ਯੋਗਤਾ ਅਨੁਸਾਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੰਗਾਂ ਮੰਨੇ ਜਾਣਾ ਕਿਸਾਨ ਸੰਘਰਸ਼ ਦੀ ਜਿੱਤ ਹੈ।
ਧਰਨੇ 'ਚ ਹਾਜ਼ਰ ਮ੍ਰਿਤਕ ਜ਼ੋਰਾ ਸਿੰਘ ਦੇ ਪੋਤੇ ਦਿਲਪ੍ਰੀਤ ਸਿੰਘ ਨੇ ਮੁਆਵਜ਼ਾ ਮਿਲਣ 'ਤੇ ਕਿਸਾਨ ਜਥੇਬੰਦੀ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਰੀਆਂ ਮੰਗਾਂ ਪੂਰਨ ਕਰਨ ਦਾ ਭਰੋਸਾ ਦਿਵਾਇਆ ਹੈ।
ਉਧਰ, ਪ੍ਰਸ਼ਾਸਨ ਵੱਲੋਂ ਪੁੱਜੇ ਤਹਿਸੀਲਦਾਰ ਹਰਬੰਸ ਸਿੰਘ ਨੇ ਕਿਹਾ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਗਈਆਂ ਹਨ। ਅੱਜ 5 ਲੱਖ ਰੁਪਏ ਦਾ ਚੈਕ ਪਰਿਵਾਰ ਨੂੰ ਸੌਂਪ ਦਿੱਤਾ ਹੈ ਅਤੇ ਬਾਕੀ 5 ਲੱਖ ਦਾ ਚੈਕ ਭੋਗ ਮੌਕੇ ਸੌਂਪਿਆ ਜਾਵੇਗਾ। ਜਦਕਿ ਨੌਕਰੀ ਬਾਰੇ ਸਰਕਾਰ ਨੂੰ ਸਿਫ਼ਾਰਸ਼ ਕੀਤੀ ਜਾਵੇਗੀ।