ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਸੰਘਰਸ਼ ਨੂੰ ਤੇਜ਼ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀਆਂ ਤਿਆਰੀਆਂ ਪੰਜਾਬ ਦੇ ਪਿੰਡਾਂ ਵਿੱਚ ਸ਼ੁਰੂ ਹੋ ਗਈਆਂ ਹਨ। ਇਸ ਕੰਮ 'ਚ ਕਿਸਾਨ ਅੰਦੋਲਨ ਦਾ ਹਰ ਵਰਗ ਸਾਥ ਦੇ ਰਿਹਾ ਹੈ ਜਿਸ ਤਹਿਤ ਬਰਨਾਲਾ ਦੇ ਇੱਕ ਏਸੀ ਮਕੈਨਿਕ ਜਗਤਾਰ ਸਿੰਘ ਵੱਲੋਂ ਦਿੱਲੀ ਵਿਖੇ ਕਿਸਾਨ ਅੰਦੋਲਨ ਵਿੱਚ ਝੰਡਿਆਂ ਦੀ ਘਾਟ ਮਹਿਸੂਸ ਕਰਦੇ ਹੋਏ ਆਪਣੇ ਸਾਥੀਆਂ ਨਾਲ 26 ਜਨਵਰੀ ਦੀ ਟਰੈਕਟਰ ਪਰੇਡ ਲਈ ਵੱਡੇ ਪੱਧਰ 'ਤੇ ਕਿਸਾਨੀ ਝੰਡੇ ਤਿਆਰ ਕੀਤੇ ਜਾ ਰਹੇ ਹਨ।
ਕਿਸਾਨੀ ਝੰਡੇ ਤਿਆਰ ਕਰਨ ਵਾਲੇ ਏਸੀ ਮਕੈਨਿਕ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਵਿਖੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਗਏ ਸਨ। ਜਿੱਥੇ ਉਨ੍ਹਾਂ ਨੂੰ ਕਿਸਾਨੀ ਸ਼ੰਘਰਸ ਵਿੱਚ ਕਿਸਾਨੀ ਝੰਡਿਆਂ ਦੀ ਘਾਟ ਦਿਖਾਈ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਝੰਡੇ ਤਿਆਰ ਕਰਨ ਦਾ ਮਨ ਬਣਾਇਆ। ਆਨਲਾਈਨ ਯੂ-ਟਿਊਬ 'ਤੇ ਝੰਡੇ ਤਿਆਰ ਕਰਨ ਦੀ ਵਿਧੀ ਦੀ ਸਿਖਲਾਈ ਲੈਣ ਤੋਂ ਬਾਅਦ ਝੰਡੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨੀ ਝੰਡੇ ਤਿਆਰ ਕਰਕੇ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਮੁਫ਼ਤ ਵਿੱਚ ਵੰਡੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਝੰਡੇ ਤਿਆਰ ਕਰਨ ਲਈ ਉਨ੍ਹਾਂ ਵੱਲੋਂ ਕੱਪੜਾ ਦੁਕਾਨਾਂ ਤੋਂ ਖ਼ਰੀਦ ਕੇ ਉਸ 'ਤੇ ਛਾਪੇ ਲਗਾਏ ਜਾ ਰਹੇ ਹਨ। ਉਨ੍ਹਾਂ ਵੱਲੋਂ ਬਿਲਕੁੱਲ ਮੁਫ਼ਤ ਵਿੱਚ ਝੰਡੇ ਤਿਆਰ ਕਰਕੇ ਦਿੱਤੇ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਰਾਜੇਵਾਲ ਅਤੇ ਸਿੱਧੂਪੁਰ ਨਾਲ ਸੰਬੰਧਤ ਕਿਸਾਨਾਂ ਵੱਲੋਂ ਵੀ ਉਨ੍ਹਾਂ ਕੋਲੋਂ ਝੰਡੇ ਤਿਆਰ ਕਰਵਾਏ ਗਏ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਕੱਪੜਾ ਲਿਆ ਕੇ ਦਿੱਤਾ ਗਿਆ ਅਤੇ ਉਸ ਉੱਪਰ ਛਾਪੇ ਲਗਾ ਕੇ ਉਨ੍ਹਾਂ ਵੱਲੋਂ ਮੁਫ਼ਤ ਵਿੱਚ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਆਉਣ ਵਾਲੀ 26 ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਵਿਖੇ ਟਰੈਕਟਰ ਪਰੇਡ ਕੀਤੀ ਜਾਣੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵੱਲੋਂ ਝੰਡੇ ਪੂਰੀ ਜ਼ੋਰਾਂ 'ਤੇ ਬਣਾਏ ਜਾ ਰਹੇ ਹਨ ਤਾਂ ਕਿ ਕਿਸਾਨੀ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਝੰਡੇ ਦਿੱਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਝੰਡਿਆਂ ਉਪਰ ਕਿਸੇ ਵੀ ਜਥੇਬੰਦੀ ਦਾ ਨਾਂਅ ਨਹੀਂ ਲਿਖਿਆ ਗਿਆ। ਜਦੋਂ ਕਿ ਸਿਰਫ਼ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਿਖਿਆ ਗਿਆ ਹੈ ਜਿਸ ਕਰਕੇ ਹਰ ਵਿਅਕਤੀ ਇਨ੍ਹਾਂ ਝੰਡਿਆਂ ਨੂੰ ਆਪਣੇ ਵਹੀਕਲ ਤੇ ਘਰਾਂ 'ਤੇ ਲਗਾ ਸਕਦਾ ਹੈ।
ਪੰਜਾਬੀ ਸਾਹਿਤਕਾਰ ਗਮਦੂਰ ਰੰਗੀਲਾ ਨੇ ਕਿਹਾ ਕਿ ਜਗਤਾਰ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਬਿਲਕੁਲ ਮੁਫ਼ਤ ਵਿੱਚ ਇਨ੍ਹਾਂ ਵੱਲੋਂ ਝੰਡੇ ਤਿਆਰ ਕਰਕੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ। 26 ਜਨਵਰੀ ਨੂੰ ਉਨ੍ਹਾਂ ਵੱਲੋਂ ਆਪਣੇ ਸਾਥੀਆਂ ਨਾਲ ਕਾਫ਼ਲਾ ਦਿੱਲੀ ਲਿਜਾਇਆ ਜਾ ਰਿਹਾ ਹੈ, ਜਿਸ ਲਈ ਉਹ ਇਨ੍ਹਾਂ ਤੋਂ ਝੰਡੇ ਲੈਣ ਆਇਆ ਹੈ।