ਬਰਨਾਲਾ: ਇੱਥੋਂ ਦੇ ਮੈਰਿਜ ਪੈਲੇਸ ਵਿਖੇ ਵਿਆਹ ਸਮਾਰੋਹ ਦੌਰਾਨ ਘਰ ਦੀ ਕੱਢੀ ਨਾਜਾਇਜ਼ ਸ਼ਰਾਬ ਪਿਲਾਉਣ ਦੀ ਸੂਚਨਾ ਮਿਲਣ 'ਤੇ ਆਬਕਾਰੀ ਵਿਭਾਗ ਦੀ ਟੀਮ ਨੇ ਪੁਲਿਸ ਨਾਲ ਮਿਲ ਕੇ ਮੈਰਿਜ ਪੈਲੇਸ 'ਤੇ ਛਾਪਾ ਮਾਰਿਆ। ਇਸ ਦੌਰਾਨ ਵਿਆਹ 'ਚ ਸ਼ਾਮਲ ਲੋਕਾਂ ਨੇ ਆਬਕਾਰੀ ਇੰਸਪੈਕਟਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਕਾਰਨ ਅਧਿਕਾਰੀ ਜ਼ਖਮੀ ਹੋ ਗਿਆ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ 'ਤੇ ਛਾਪੇਮਾਰੀ ਕਰਨ ਗਏ ਅਤੇ ਜਖ਼ਮੀ ਆਬਕਾਰੀ ਇੰਸਪੈਕਟਰ ਕ੍ਰਿਸ਼ਨ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੈਰੀਲੈਂਡ ਪੈਲੇਸ ਵਿਖੇ ਇਕ ਵਿਆਹ ਸਮਾਗਮ ਦੌਰਾਨ ਵਿਆਹ 'ਚ ਨਾਜਾਇਜ਼ ਸ਼ਰਾਬ ਵਰਤਾਈ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਧਨੌਲਾ ਦੇ ਐਸਐਚਓ ਨਾਲ ਮਿਲ ਕੇ ਪੈਲੇਸ 'ਤੇ ਛਾਪਾ ਮਾਰਿਆ ਅਤੇ ਨਾਜਾਇਜ਼ ਸ਼ਰਾਬ ਜ਼ਬਤ ਕੀਤੀ।
ਉਨ੍ਹਾਂ ਕਿਹਾ ਕਿ ਵਿਆਹ ਵਿੱਚ ਸ਼ਾਮਲ 40 ਤੋਂ 50 ਵਿਅਕਤੀਆਂ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਉਨ੍ਹਾਂ ਵੱਲੋਂ ਟੀਮ 'ਤੇ ਹਮਲਾ ਕੀਤਾ ਗਿਆ। ਉਨ੍ਹਾ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਘਰ ਦੀ ਕੱਢੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ, ਜੋ ਉਨ੍ਹਾਂ ਨੇ ਜ਼ਬਤ ਕਰ ਲਈ ਹੈ। ਉਨ੍ਹਾਂ ਨੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ 'ਤੇ ਆਬਕਾਰੀ ਵਿਭਾਗ ਬਰਨਾਲਾ ਦੇ ਈਟੀਓ ਨਰਿੰਦਰ ਕੁਮਾਰ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ 'ਤੇ ਥਾਣਾ ਧਨੌਲਾ ਦੇ ਐਸਐਚਓ ਹਾਕਮ ਸਿੰਘ ਨੇ ਕਿਹਾ ਕਿ ਹਮਲੇ ਦੌਰਾਨ ਜਖ਼ਮੀ ਹੋਏ ਆਬਕਾਰੀ ਵਿਭਾਗ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦਿੱਲੀ ਚੋਣਾਂ 2020: ਮਨਜੀਤ ਸਿੰਘ ਜੀਕੇ ਵੱਲੋਂ ਭਾਜਪਾ ਨੂੰ ਸਮਰਥਨ ਦਾ ਐਲਾਨ