ਬਰਨਾਲਾ: ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦਾ ਅਜੇ ਵਿਰੋਧ ਚੱਲ ਰਿਹਾ ਹੈ। ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਇਸ ਦੇ ਮਾੜ੍ਹੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਇਸ ਵਾਰ ਗੰਨਾ ਕਾਸ਼ਤਕਾਰਾਂ ਦੀ ਫ਼ਸਲ ’ਚ ਨੁਕਸ ਕੱਢ ਕੇ 15 ਰੁਪਏ ਪ੍ਰਤੀ ਕੁਵਿੰਟਲ ਦੀ ਅਦਾਇਗੀ ਕਰਨਾ ਨਿੱਜੀ ਸ਼ੂਗਰ ਮਿੱਲਾਂ ਨੇ ਸ਼ੁਰੂ ਕਰ ਦਿੱਤਾ ਹੈ।
ਗੰਨਾ ਕਾਸ਼ਤਕਾਰਾਂ ਨੇ ਘੱਟ ਮੁੱਲ ਦਿੱਤੇ ਜਾਣ ’ਤੇ ਦਿੱਤੀ ਪ੍ਰਤੀਕਿਰਿਆ
ਪਿੰਡ ਸੁਖਪੁਰਾ ਦੇ ਗੰਨਾ ਕਾਸ਼ਤਕਾਰ ਜਸਵੀਰ ਸਿੰਘ ਨੇ ਦੱਸਿਆ ਕਿ ਸੂਬੇ ’ਚ ਗੰਨੇ ਦਾ ਘੱਟੋ ਘੱਟ ਸਮਰੱਥਨ ਮੁੱਲ 310 ਹੈ, ਜਦੋਂਕਿ ਕਿਸਾਨਾਂ ਨੂੰ 295 ਰੁਪਏ ਪ੍ਰਤੀ ਕੁਵਿੰਟਲ ਦੀਆਂ ਪਰਚੀਆਂ ਦਿੱਤੀਆਂ ਗਈਆਂ ਹਨ। ਉਸਦੀ ਫ਼ਸਲ ਦੀ ਗੁਣਵੱਤਾ ਘੱਟ ਹੋਣ ਕਾਰਨ ਘੱਟ ਮੁੱਲ ਤੈਅ ਕੀਤੇ ਜਾਣ ਦਾ ਤਰਕ ਦਿੱਤਾ ਗਿਆ ਹੈ। ਉਸ ਵੱਲੋਂ 1900 ਕੁਵਿੰਟਲ ਦੇ ਕਰੀਬ ਗੰਨਾ ਮਿੱਲ ਨੂੰ ਵੇਚਿਆ ਗਿਆ ਹੈ। 15 ਰੁਪਏ ਘੱਟ ਰੇਟ ਮਿਲਣ ਕਰਕੇ ਉਸਨੂੰ 28500 ਰੁਪਏ ਦੇ ਕਰੀਬ ਨੁਕਸਾਨ ਹੋਵੇਗਾ।
'ਕਿਸੇ ਕਿਸਾਨ ਨੂੰ ਰੇਟ ਘੱਟ ਨਹੀਂ ਦਿੱਤਾ ਜਾ ਰਿਹਾ'
ਇਸ ਸਬੰਧੀ ਸ਼ੂਗਰ ਮਿੱਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਕਿਸਾਨ ਨੂੰ ਰੇਟ ਘੱਟ ਨਹੀਂ ਦਿੱਤਾ ਜਾ ਰਿਹਾ। ਬਲਕਿ ਕਿਸਾਨਾਂ ਤੋਂ ਗੁਣਵੱਤਾ ਦੇ ਹਿਸਾਬ ਨਾਲ ਗੰਨਾ ਖ਼ਰੀਦਿਆ ਜਾਂਦਾ ਹੈ। ਸਰਕਾਰ ਵਲੋਂ ਤੈਅ ਕੀਤੀ ਗੁਣਵੱਤਾ ਦੇ ਆਧਾਰ ’ਤੇ ਹੀ ਗੰਨੇ ਦਾ ਭਾਅ 295, 300 ਅਤੇ 310 ਰੁਪਏ ਦਿੱਤਾ ਜਾ ਰਿਹਾ ਹੈ।