ਬਰਨਾਲਾ: ਜ਼ਿਲ੍ਹੇ ਦੇ ਪਿੰਡ ਧੌਲਾ ਦੀ ਸੁਸਾਇਟੀ ਵਿੱਚ ਯੂਰੀਆ ਘਾਟ ਤੋਂ ਪ੍ਰੇਸ਼ਾਨ ਕਿਸਾਨਾਂ ਅਤੇ ਸਹਿਕਾਰੀ ਸਭਾ ਯੂਨੀਅਨ ਨੇ ਪੰਜਾਬ ਅਤੇ ਕੇਂਦਰ ਸਰਕਾਰ (Central Government) ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ। ਯੂਰੀਆ ਖਾਦ ਦੀ ਕਮੀ ਲਈ ਜ਼ਿਲ੍ਹੇ ਵਿੱਚ ਯੂਰੀਆ ਉਤਰਨ ਦਾ ਕੋਈ ਰੈਕ ਨਾ ਹੋਣ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਕਿਸਾਨਾਂ ਅਤੇ ਸਹਿਕਾਰੀ ਸਭਾ ਯੂਨੀਅਨ ਨੇ ਵਿਧਾਇਕ ਪਿਰਮਲ ਸਿੰਘ ਨੂੰ ਮੰਗ ਪੱਤਰ ਦੇ ਕੇ ਯੂਰੀਆ ਖਾਦ ਘਾਟ ਪੂਰੀ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਪਹਿਲੇ ਦਿਨ ਤੋਂ ਲੋੜ ਅਨੁਸਾਰ ਡੀਏਪੀ ਅਤੇ ਯੂਰੀਆ ਖਾਦ ਨਹੀਂ ਭੇਜੀ ਜਾ ਰਹੀ। ਸਰਕਾਰਾਂ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ। ਪਹਿਲਾਂ ਝੋਨਾ ਲਗਾਉਣ ਮੌਕੇ ਸਰਕਾਰ ਨੇ ਜਾਣ ਬੁੱਝ ਕੇ ਬਿਜਲੀ ਦਾ ਸੰਕਟ ਖੜਾ ਕੀਤਾ ਸੀ। ਹੁਣ ਉਸੇ ਤਰ੍ਹਾਂ ਯੂਰੀਏ ਦਾ ਸੰਕਟ ਜਾਣ ਬੁੱਝ ਕੇ ਪੈਦਾ ਕੀਤਾ ਜਾ ਰਿਹਾ ਹੈ।
ਸਹਿਕਾਰੀ ਸਭਾ ਦੇ ਸੈਕਟਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਨੂੰ ਰੈਕ ਰਾਮਪੁਰਾ ਜਾਂ ਸੰਗਰੂਰ ਲੱਗਦੇ ਹਨ। ਜੋ ਵੀ ਯੂਰੀਆ ਖਾਦ ਆਉਂਦੀ ਹੈ, ਉਹ ਹੋਰਨਾਂ ਜ਼ਿਲ੍ਹਿਆਂ ਤੋਂ ਹੋ ਕੇ ਆਉਂਦੀ ਹੈ। ਜਿਸ ਕਰਕੇ ਵਿਧਾਇਕ ਪਿਰਮਲ ਸਿੰਘ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਯੂਰੀਆ ਦੇ ਰੈਕ ਬਰਨਾਲਾ ਜ਼ਿਲ੍ਹੇ ਵਿੱਚ ਹੀ ਬਣਾਏ ਜਾਣ।
ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਯੂਨੀਅਨ ਅਤੇ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਵਿੱਚ ਯੂਰੀਆ ਦੇ ਰੈਕ ਬਰਨਾਲਾ ਵਿੱਚ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਰੀਆ ਦੀ ਸਮੱਸਿਆ ਦਾ ਜਲਦ ਹੱਲ ਕਰਕੇ ਰੈਕ ਬਰਨਾਲਾ ਜ਼ਿਲ੍ਹੇ ਵਿੱਚ ਹੀ ਸ਼ੁਰੂ ਕੀਤਾ ਜਾਵੇਗਾ।