ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸਸਪੈਂਡ ਕੀਤੇ ਗਏ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿਖੇ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਪਹੁੰਚੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਸਸਪੈਂਡ ਕੀਤੇ ਹੋਏ ਕਈ ਦਿਨ ਹੋ ਗਏ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਨੋਟਿਸ ਨਹੀਂ ਮਿਲਿਆ ਹੈ, ਜਿਸ ਲਈ ਉਹ ਖੁਦ ਹੈਰਾਨ ਹਨ।
ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਨ ਅਤੇ ਪਾਰਟੀ ਲਈ ਕੰਮ ਕਰ ਰਹੇ ਹਨ। ਅਸੀਂ ਸਿਰਫ ਪਾਰਟੀ ਲੀਡਰਸ਼ਿਪ ਸਬੰਧੀ ਆਪਣੇ ਵਿਚਾਰ ਰੱਖੇ ਹਨ। ਅਸੀਂ ਸਿਧਾਂਤਕ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪਹਿਲਾਂ ਵਾਲੀਆਂ ਲੀਹਾਂ 'ਤੇ ਲਿਆਉਣ ਲਈ ਯਤਨਸ਼ੀਲ ਹਾਂ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਵਧੀਆ ਹੋਰ ਕੋਈ ਵੀ ਪਾਰਟੀ ਨਹੀਂ ਹੈ, ਪ੍ਰੰਤੂ ਇਸ ਦੀ ਲੀਡਰਸ਼ਿਪ ਵਿੱਚ ਤਬਦੀਲੀ ਕਰਨ ਦੀ ਲੋੜ ਹੈ।
ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਵੀ ਸੇਵਾ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਸਿਰਜੇ ਗਏ ਸੁਪਨਿਆਂ ਤੋਂ ਪਾਰਟੀ ਥਿੜਕ ਚੁੱਕੀ ਹੈ, ਜਿਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਯਤਨਸ਼ੀਲ ਹਾਂ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਸਿਆਸਤ ਵੱਡੇ ਪੱਧਰ 'ਤੇ ਕਰਵਟ ਲਵੇਗੀ, ਕਿਉਂਕਿ ਪੰਜਾਬ ਦੇ ਲੋਕ ਅੱਜ ਮਾਯੂਸ ਬੈਠੇ ਹਨ। ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਦਲ ਤੋਂ ਦੁੱਖੀ ਹੋ ਕੇ ਕਾਂਗਰਸ ਨੂੰ ਵੋਟਾਂ ਪਾਈਆਂ ਸਨ ਅਤੇ ਅੱਜ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਅਤੇ ਸਿੱਖ ਕੌਮ ਦੇ ਲੋਕਾਂ ਨੂੰ ਇੱਕਜੁਟ ਕਰਕੇ ਨਵਾਂ ਬਦਲ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।