ਬਰਨਾਲਾ: ਪੀਣ ਵਾਲੇ ਪਾਣੀ ਨੂੰ ਲੈ ਕੇ ਡਾਰਕ ਜ਼ੋਨ ਵਿੱਚ ਚੱਲ ਰਹੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਬਰਨਾਲਾ, ਮਹਿਲ ਕਲਾਂ ਅਤੇ ਸੰਗਰੂਰ ਜ਼ਿਲ੍ਹੇ ਦੇ ਬਲਾਕਾਂ ਦੇ ਮੁੱਦੇ ਦੀ ਗੂੰਜ ਵਿਧਾਨ ਸਭਾ ਵਿੱਚ ਪਈ ਹੈ। ਵਿਧਾਨ ਸਭਾ ਵਿੱਚ ਚੱਲ ਰਹੇ ਬਜ਼ਟ ਸ਼ੈਸ਼ਨ ਦੌਰਾਨ ਇਹ ਮੁੱਦਾ ਆਮ ਆਦਮੀ ਪਾਰਟੀ ਦੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਚੁੱਕਿਆ ਗਿਆ। ਉਨ੍ਹਾਂ ਵਲੋਂ ਸਰਕਾਰ ਨੂੰ ਇਸ ਮੁੱਦੇ ’ਤੇ ਗੰਭੀਰਤਾ ਲੈਣ ਦੀ ਮੰਗ ਕੀਤੀ।
ਆਪ ਵਿਧਾਇਕ ਪੰਡੋਰੀ ਨੇ ਦੱਸਿਆ ਕਿ ਮਹਿਲ ਕਲਾਂ, ਬਰਨਾਲਾ ਅਤੇ ਸੰਗਰੂਰ ਦੇ ਕੁੱਝ ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਅਤੇ ਮਿਆਰ ਦਿਨੋ-ਦਿਨ ਹੇਠਾਂ ਡਿੱਗਦਾ ਜਾ ਰਿਹਾ ਹੈ। ਇਨ੍ਹਾਂ ਖੇਤਰਾਂ ਵਿਚਲੀਆਂ ਫ਼ੈਕਟਰੀਆਂ ਵੱਲੋਂ ਗੰਦਾ ਪਾਣੀ ਧਰਤੀ ਹੇਠਾਂ ਬਿਨ੍ਹਾਂ ਫ਼ਿਲਟਰ ਕੀਤੇ ਸੁੱਟਿਆ ਜਾ ਰਿਹਾ ਹੈ। ਜਿਸ ਕਾਰਨ ਇਹਨਾਂ ਇਲਾਕਿਆਂ ਵਿੱਚ ਕਾਲਾ ਪੀਲੀਆ, ਕੈਂਸਰ, ਲੀਵਰ, ਗੁਰਦੇ ਅਤੇ ਡਾਇਰੀਆ ਜਿਹੀਆਂ ਬੀਮਾਰੀਆਂ ’ਚ ਵਾਧਾ ਹੋ ਰਿਹਾ ਹੈ, ਜਿਸ ਲਈ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਜ਼ਿੰਮੇਵਾਰ ਹਨ। ਜੋ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਹੇ।
ਵਿਧਾਇਕ ਪੰਡੋਰੀ ਨੇ ਦੱਸਿਆ ਕਿ ਧੂਰੀ ਨੇੜੇ ਭਸੌੜ ਵਿਖੇ ਇੱਕ ਫ਼ੈਕਟਰੀ ਅਤੇ ਲੁਧਿਆਣਾ ਵਿਖੇ ਦਰਿਆ ਵਿੱਚ ਫ਼ੈਕਟਰੀਆਂ ਵੱਲੋਂ ਪਾਣੀ ਨੂੰ ਸ਼ਰੇਆਮ ਦੂਸ਼ਿਤ ਕੀਤਾ ਜਾ ਰਿਹਾ ਹੈ। ਪਰ ਇਸ ਵੱਲ ਪੰਜਾਬ ਸਰਕਾਰ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਚੁੱਪ ਹਨ। ਲੋਕਾਂ ਵੱਲੋਂ ਇਹ ਮੁੱਦਾ ਚੁੱਕਣ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਫ਼ੈਕਟਰੀਆਂ ਵੱਲੋਂ ਧਰਤੀ ਵਿੱਚ ਗੰਦਾ ਪਾਣੀ ਪਾਏ ਜਾਣ ਕਾਰਨ ਖੇਤ ਮੋਟਰਾਂ ਵਿੱਚ ਗੰਦਾ ਪਾਣੀ ਆ ਰਿਹਾ ਹੈ।
ਆਪ ਵਿਧਾਇਕ ਨੇ ਪੀਣ ਵਾਲੇ ਕੁਦਰਤੀ ਸਰੋਤ ਨੂੰ ਬਚਾਉਣ ਅਤੇ ਡਾਰਕ ਜ਼ੋਨ ਦੇ ਇਹਨਾਂ ਖ਼ੇਤਰਾਂ ਲਈ ਪੰਜਾਬ ਸਰਕਾਰ ਤੋਂ ਵਿਸ਼ੇਸ਼ ਵਿੱਤੀ ਪੈਕੇਜ਼ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਸਰਕਾਰ ਇਸ ਗੱਲ 'ਤੇ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ 'ਚ ਗੰਭੀਰ ਚੁਣੌਤੀ ਹੋਵੇਗੀ।