ਬਰਨਾਲਾ: ਜ਼ਿਲ੍ਹੇ ਦੇ ਪਿੰਡ ਟੱਲੇਵਾਲ ਵਿਖੇ ਗੁਰਦੁਆਰਾ ਰਵਿਦਾਸ ਜੀ ਦੇ ਦਰਬਾਰ ਸਾਹਿਬ ਵਿਚ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ ਹੋ ਗਿਆ। ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ। ਘਟਨਾ ਦਾ ਪਤਾ ਲੱਗਣ ਤੇ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਤੇ ਐਸਜੀਪੀਸੀ ਮੁਲਾਜ਼ਮ ਪਹੁੰਚ ਗਏ। ਇਸ ਘਟਨਾ ਦੀ ਸੂਚਨਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੀ ਟੀਮ ਨੂੰ ਦਿੱਤੀ ਕਿ ਜਿਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ।
ਇਹ ਵੀ ਪੜੋ: ਦੋ ਗੁੱਟਾਂ 'ਚ ਹੋਈ ਲੜਾਈ, ਚੱਲੇ ਪੱਥਰ ਅਤੇ ਬੋਤਲਾਂ
ਇਸ ਘਟਨਾ ਲਈ ਪੰਜ ਪਿਆਰਿਆਂ ਦੀ ਟੀਮ ਵੱਲੋਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਕਿਉਂਕਿ ਰਾਤ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਸੁੱਖ ਆਸਣ ਨਹੀਂ ਕੀਤਾ ਗਿਆ। ਜਿਸ ਕਰਕੇ ਅਚਾਨਕ ਅੱਗ ਲੱਗਣ ਕਾਰਨ ਸਰੂਪ ਅਗਨ ਭੇਟ ਹੋ ਗਏ। ਇਸ ਤੋਂ ਇਲਾਵਾ ਇਸ ਅੱਗ ਨਾਲ ਦਰਬਾਰ ਸਾਹਿਬ ਵਿੱਚ ਪਿਆ ਸਾਰਾ ਸਾਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ। ਪੰਜ ਪਿਆਰਿਆਂ ਦੀ ਟੀਮ ਵੱਲੋਂ ਸਖਤ ਐਕਸ਼ਨ ਲੈਂਦੇ ਹੋਏ ਜਿੱਥੇ ਇਸ ਗੁਰਦੁਆਰਾ ਸਾਹਿਬ ਵਿੱਚ ਪਏ ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਪਿੰਡ ਦੇ ਹੋਰ ਗੁਰਦੁਆਰਾ ਸਾਹਿਬ ਵਿੱਚ ਭੇਜ ਦਿੱਤੇ ਗਏ। ਉੱਥੇ ਅਗਨ ਭੇਟ ਹੋਏ ਸਰੂਪ ਨੂੰ ਗੋਇੰਦਵਾਲ ਸਾਹਿਬ ਵਿਖੇ ਅੰਤਮ ਸਸਕਾਰ ਲਈ ਭੇਜ ਦਿੱਤਾ ਗਿਆ ਹੈ। ਇਹਦੇ ਨਾਲ ਹੀ ਘਟਨਾ ਲਈ ਜ਼ਿੰਮੇਵਾਰ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਅਤੇ ਗ੍ਰੰਥੀ ਸਿੰਘ ਨੂੰ 18 ਅਪ੍ਰੈਲ ਨੂੰ ਤਖ਼ਤ ਸਾਹਿਬ ਤੇ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਗਏ ਹਨ।
ਉੱਥੇ ਇੱਕ ਇਸ ਮੌਕੇ ਮੌਜੂਦ ਮਹਿਲਕਲਾਂ ਦੇ ਡੀਐੱਸਪੀ ਕੁਲਦੀਪ ਸਿੰਘ ਨੇ ਕਿਹਾ ਕਿ ਟੱਲੇਵਾਲ ਦੇ ਗੁਰੂ ਘਰ ਵਿੱਚ ਅੱਗ ਲੱਗਣ ਨਾਲ ਅਗਨ ਭੇਟ ਹੋਏ ਸਰੂਪ ਦੇ ਮਾਮਲੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਹੁੰਚੇ ਪੰਜ ਪਿਆਰਿਆਂ ਦੀ ਟੀਮ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜੇਕਰ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਉਹ ਕਾਰਵਾਈ ਕਰਨਗੇ। ਫਿਲਹਾਲ ਮਾਹੌਲ ਸ਼ਾਂਤਮਈ ਹੈ।
ਇਹ ਵੀ ਪੜੋ: ਬੇਰਹਿਮ ਚਾਚੀ ਨੇ 3 ਮਹੀਨੇ ਦੀ ਭਤੀਜੀ ਨੂੰ ਮਿੱਟੀ 'ਚ ਦੱਬਿਆ