ਬਰਨਾਲਾ: ਸ਼ਹਿਰ ਦੇ ਬੱਸ ਸਟੈਂਡ ਨੇੜੇ ਸ਼ਨੀ ਮੰਦਰ ਵਾਲੀ ਗਲੀ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਦੋ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੂੰ ਮੁੱਢਲੀ ਪੜਤਾਲ ਵਿੱਚ ਪਤਾ ਲੱਗਾ ਹੈ ਕਿ ਦੋਵੇਂ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਇੱਕ ਦੂਜੇ ਨਾਲ ਲੜ ਪਏ ਸੀ। ਇਸੇ ਦੌਰਾਨ ਇੱਕ ਨੇ ਦੂਜੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।
ਮਕਾਨ ਮਾਲਕ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਇਹ ਘਰ ਗੁੰਮੀ ਦੇ ਸਰਪੰਚ ਨੂੰ ਕਿਰਾਏ ਉੱਤੇ ਦਿੱਤਾ ਸੀ ਤੇ ਸਰਪੰਚ ਨੇ ਇਸ ਮਕਾਨ ਨੂੰ ਅੱਗੇ ਜੁੱਤੀਆਂ ਬਣਾਉਣ ਵਾਲੇ ਦੋ ਕਾਰੀਗਰਾਂ ਨੂੰ ਕਿਰਾਏ ਉੱਤੇ ਦਿੱਤਾ ਹੋਇਆ ਸੀ। ਉਹ ਦੋਵੇਂ ਕਾਰੀਗਰ ਕਰੀਬ ਪਿਛਲੇ 4 ਮਹੀਨਿਆਂ ਤੋਂ ਇਸ ਘਰ ਵਿੱਚ ਰਹਿ ਰਹੇ ਸਨ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਅਚਾਨਕ ਉਥੋਂ ਦੀ ਲੰਘ ਰਹੇ ਸੀ ਕਿ ਉਨ੍ਹਾਂ ਗੇਟ ਦੇ ਬਾਹਰ ਐਕਟਿਵਾ ਡਿੱਗੀ ਮਿਲੀ ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਹਰ ਥਾਂ ਉੱਤੇ ਖੂਨ ਦੇ ਨਿਸ਼ਾਨ ਸਨ ਤੇ ਇੱਕ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਕਿਹਾ ਕਿ ਜਿਹੜਾ ਦੂਜਾ ਕਿਰਾਏਦਾਰ ਉਸ ਨਾਲ ਰਹਿ ਰਿਹਾ ਸੀ ਉਹ ਉੱਥੇ ਮੌਜੂਦ ਨਹੀਂ ਸੀ।
ਐਸ.ਐਚ.ਓ ਕਮਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਇਸ ਘਟਨਾ ਬਾਰੇ ਫ਼ੋਨ ’ਤੇ ਜਾਣਕਾਰੀ ਮਿਲੀ ਸੀ। ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਨੇ ਮ੍ਰਿਤਕ ਕਾਰੀਗਰ ਦੀ ਸ਼ਨਾਖਤ ਕਰਦੇ ਹੋਏ ਕਿਹਾ ਕਿ ਉਸ ਦਾ ਨਾਂਅ ਅਮਰਚੰਦ ਹੈ ਤੇ ਉਹ ਰੋਹਤਕ ਦਾ ਵਸਨੀਕ ਹੈ ਤੇ ਫਰਾਰ ਕਾਰੀਗਰ ਦਾ ਨਾਂਅ ਸੁਧਾਨੰਦ ਹੈ ਤੇ ਉਹ ਲੁਧਿਆਣਾ ਦਾ ਵਾਸੀ ਹੈ।
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਦੋਵੇਂ ਸ਼ਰਾਬ ਦੇ ਨਸ਼ੇ ਵਿੱਚ ਇੱਕ ਦੂਜੇ ਨਾਲ ਲੜ ਪਏ ਸਨ। ਇਸੇ ਦੌਰਾਨ ਇੱਕ ਨੇ ਦੂਜੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਵਿਰੁੱਧ ਪੁਲਿਸ ਵੱਲੋਂ ਧਾਰਾ 302 ਤਹਿਤ ਪਰਚਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:ਤਰਨ ਤਾਰਨ: ਅਣਪਛਾਤੇ ਵਿਅਕਤੀਆਂ ਨੇ ਸਾਬਕਾ ਸਰਪੰਚ ਦੇ ਘਰ 'ਤੇ ਚਲਾਈਆਂ ਸ਼ਰੇਆਮ ਗੋਲੀਆਂ