ਬਰਨਾਲਾ: 26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ 23 ਜਨਵਰੀ ਨੂੰ ਟਰੈਕਟਰਾਂ ਦੇ ਕਾਫ਼ਲੇ ਰਵਾਨਾ ਹੋ ਜਾਣਗੇ। ਇਹ ਐਲਾਨ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ਵਿੱਚ ਜੱਥੇਬੰਦੀ ਵੱਲੋਂ ਬਰਨਾਲਾ ਦੇ ਪਿੰਡ ਚੀਮਾ ਵਿਖੇ ਸੂਬਾ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ।
26 ਜਨਵਰੀ ਗਣਤੰਤਰ ਵਾਲੇ ਦਿਨ ਪੰਜਾਬ ’ਚ ਨਹੀਂ ਹੋਵੇਗਾ ਕੋਈ ਟੈਰਕਟਰ ਮਾਰਚ
ਇਸ ਮੀਟਿੰਗ ਵਿੱਚ 23 ਜਨਵਰੀ ਨੂੰ ਖਨੌਰੀ ਅਤੇ ਡੱਬਵਾਲੀ ਤੋਂ ਦਿੱਲੀ ਵੱਲ ਕੂਚ ਕਰਨ ਵਾਲੇ ਵੱਡੇ ਟਰੈਕਟਰ ਕਾਫ਼ਲਿਆਂ ਦੀ ਠੋਸ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਜੱਥੇਬੰਦੀ ਦੇ ਪ੍ਰਭਾਵ ਵਾਲੇ ਸਾਰੇ ਟ੍ਰੈਕਟਰ ਦਿੱਲੀ ਹੀ ਪਹੁੰਚਣਗੇ ਅਤੇ 26 ਨੂੰ ਪੰਜਾਬ ਵਿੱਚ ਕੋਈ ਟ੍ਰੈਕਟਰ ਮਾਰਚ ਨਹੀਂ ਹੋਵੇਗਾ।
ਭਾਜਪਾ ਹਕੂਮਤ ਵਿਰੁੱਧ ਰੋਸ ਮਾਰਚ ’ਚ 15000 ਤੋਂ ਵੱਧ ਟਰੈਕਟਰ ਸ਼ਾਮਲ ਹੋਏ
ਇਸ ਮੌਕੇ ਸੁਖਦੇਵ ਕੋਕਰੀਕਲਾਂ ਨੇ ਦੱਸਿਆ ਕਿ 26 ਜਨਵਰੀ ਦੀ ਕਿਸਾਨ ਪਰੇਡ ਦੀ ਤਿਆਰੀ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਦੂਜੇ ਦਿਨ 16 ਜ਼ਿਲਿਆਂ ਦੇ 1245 ਪਿੰਡਾਂ ਵਿੱਚ 15000 ਤੋਂ ਵੱਧ ਟ੍ਰੈਕਟਰਾਂ ਨਾਲ ਮੋਦੀ ਭਾਜਪਾ ਹਕੂਮਤ ਵਿਰੁੱਧ ਰੋਸ ਮਾਰਚ ਕੀਤੇ ਗਏ। ਇਸ ਮਾਰਚ ਦੌਰਾਨ ਨੌਜਵਾਨ, ਕਿਸਾਨਾਂ, ਮਜਦੂਰਾਂ ਅੰਦਰ ਠਾਠਾਂ ਮਾਰਦਾ ਜੋਸ਼ ਅਤੇ ਉਤਸ਼ਾਹ ਮੋਦੀ ਭਾਜਪਾ ਦੀਆਂ ਸਿਆਸੀ ਜੜਾਂ ਨੂੰ ਡੂੰਘਾ ਚੀਰਾ ਦੇ ਰਿਹਾ ਹੈ ਅਤੇ ਇਹ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲਵੇਗਾ।
ਖੂਫ਼ੀਆਂ ਏਜੰਸੀ ਤੇ ਹੁੱਲੜਬਾਜਾਂ ਅਨਸਰਾਂ ਦੀਆਂ ਭੜਕਾਊ ਕਾਰਵਾਈਆਂ ਤੋਂ ਸੁਚੇਤ ਰਹਿਣ ਕਿਸਾਨ
ਬੀਤੇ ਦਿਨੀਂ ਧਨੌਲਾ ਤੇ ਕਟੈਹੜਾ ਵਿਖੇ ਕੀਤੀਆਂ ਗਈਆਂ 30000 ਤੋਂ ਵੱਧ ਔਰਤਾਂ ਦੀ ਸ਼ਮੂਲੀਅਤ ਵਾਲੀਆਂ ਬੇਹੱਦ ਵਿਸ਼ਾਲ ਔਰਤ ਰੈਲੀਆਂ ’ਤੇ ਤਸੱਲੀ ਜ਼ਾਹਰ ਕੀਤੀ। ਉਹਨਾਂ ਸਮੂਹ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਖੂਫ਼ੀਆ ਏਜੰਸੀਆਂ ਅਤੇ ਹੁੱਲੜਬਾਜ਼ ਅਨਸਰਾਂ ਦੀਆਂ ਭੜਕਾਊ ਕਾਰਵਾਈਆਂ ਤੋਂ ਪੂਰੇ ਸੁਚੇਤ ਰਹਿਣ ਦਾ ਸੱਦਾ ਦਿੱਤਾ। ਇਸ ਮੀਟਿੰਗ ਵਿੱਚ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਸੁਖਦੀਪ ਸਿੰਘ ਕੋਠਾਗੁਰੂ, ਚਮਕੌਰ ਸਿੰਘ ਨੈਣੇਵਾਲ, ਜਸਵਿੰਦਰ ਸਿੰਘ ਬਰਾਸ ਅਤੇ ਸੁਨੀਲ ਕੁਮਾਰ ਭੋਡੀਪੁਰਾ ਤੋਂ ਇਲਾਵਾ 12 ਜ਼ਿਲਿਆਂ ਦੇ ਨੁਮਾਇੰਦੇ ਸ਼ਾਮਲ ਸਨ।