ਬਰਨਾਲਾ:ਖੇਤੀ ਕਾਨੂੰਨਾਂ ਦੇ ਖਿਲਾਫ ਜਿਥੇ ਇੱਕ ਪਾਸੇ ਦਿੱਲੀ 'ਚ ਕਿਸਾਨ ਅੰਦੋਲਨ ਜਾਰੀ ਹੈ, ਉਥੇ ਹੀ ਦੂਜੇ ਪਾਸੇ ਇਸ ਸੰਘਰਸ਼ ਨੇ ਪੰਜਾਬ ਦੇ ਲੋਕਾਂ 'ਚ ਇੱਕ ਨਵਾਂ ਜੋਸ਼ ਤੇ ਜ਼ਜ਼ਬਾ ਭਰ ਦਿੱਤਾ ਹੈ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਇੱਕ 70 ਸਾਲਾ ਬਜ਼ੁਰਗ ਦੌੜ ਲਾ ਕੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਦਿੱਲੀ ਜਾਂਦਾ ਹੋਇਆ ਵਿਖਾਈ ਦਿੱਤਾ।
ਬਰਨਾਲਾ ਪਹੁੰਚਣ ’ਤੇ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦੇ ਹੋਏ ਬਜ਼ੁਰਗ ਅਮਰ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ 70 ਸਾਲ ਹੈ। ਉਹ ਮੋਗਾ ਦੇ ਪਿੰਡ ਬੌਡੇ ਦਾ ਵਸਨੀਕ ਹੈ। ਅਮਰ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਅੰਦੋਲਨ 'ਚ ਸ਼ਾਮਲ ਹੋਣਾ ਚਾਹੁੰਦੇ ਹਨ। ਇਸ ਲਈ ਉਹ ਆਪਣੇ ਪਿੰਡ ਬੌਡੇ ਤੇਂ ਦੌੜ ਦੇ ਹੋਏ ਦਿੱਲੀ ਤੱਕ ਦਾ 400 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ।
ਦਿੱਲੀ ਜਾਣ ਦੇ ਮਕਸਦ ਬਾਰੇ ਅਮਰ ਸਿੰਘ ਨੇ ਦੱਸਿਆ ਕਿ ਉਹ ਅਜੇ ਵੀ ਘਰਾਂ 'ਚ ਬੈਠੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਜਾਗਰੁਕ ਕਰਨਾ ਚਾਹੁੰਦੇ ਹਨ। ਜੋ ਲੋਕ ਅਜੇ ਵੀ ਘਰਾਂ 'ਚ ਬੈਠੇ ਹਨ, ਉਨ੍ਹਾਂ ਨੂੰ ਆਪੋ ਆਪਣੇ ਸਾਧਨਾਂ ਰਾਹੀਂ ਇਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦਿੱਲੀ ਜਾਣਾ ਚਾਹੀਦਾ ਹੈ। ਉਨ੍ਹਾ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਖੇਤੀ ਕਾਨੂੰਨ ਕਿਸਾਨਾਂ ’ਤੇ ਥੋਪੇ ਗਏ ਹਨ, ਉਹ ਪੂਰੀ ਤਰਾਂ ਕਿਸਾਨ ਵਿਰੋਧੀ ਹਨ। ਉਹ ਦਿੱਲੀ ਤੋਂ ਉਦੋਂ ਹੀ ਵਾਪਸ ਪਰਤੇਗਾ, ਜਦੋਂ ਕਿ ਇਹ ਖੇਤੀ ਕਾਨੂੰਨ ਰੱਦ ਹੋ ਜਾਣਗੇ। ਖੇਤੀ ਕਾਨੂੰਨ ਰੱਦ ਹੋਣ ਤੱਕ ਅਮਰ ਸਿੰਘ ਕਿਸਾਨੀ ਸੰਘਰਸ਼ 'ਚ ਹਿੱਸਾ ਬਣ ਕੇ ਰਹਿਣਗੇ।