ਅੰਮ੍ਰਿਤਸਰ :ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਕਾਰਨ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਥਾਣਾ ਵੈਰੋਵਾਲ ਮੁਖੀ ਬਲਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀਤੀ 11 ਮਾਰਚ ਨੂੰ ਪਿੰਡ ਭਲੋਜਲਾ ਵਾਸੀ ਨੌਜਵਾਨ ਸ਼ੱਕੀ ਹਾਲਾਤ 'ਚ ਲਾਪਤਾ ਹੋਣ ਦੀ ਖ]ਬਰ ਸੀ। ਜਿਸ ਉਪਰੰਤ ਲਾਪਤਾ ਨੌਜਵਾਨ ਮੇਜਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਭਲੋਜਲਾ ਦੇ ਭਰਾ ਮੱਸਾ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਭਲੋਜਲਾ ਨੇ 15 ਮਾਰਚ ਨੂੰ ਪੁਲਿਸ ਨੂੰ ਸੂਚਿਤ ਕੀਤਾ ਅਤੇ ਇਕ ਕਥਿਤ ਮੁਲਜ਼ਮ 'ਤੇ ਸ਼ੱਕ ਪ੍ਰਗਟਾਇਆ।
ਪੁਲਿਸ ਨੇ ਜਾਂਚ ਅਰੰਭ ਕਰਦਿਆਂ ਕਥਿਤ ਮੁਲਜ਼ਮ ਮਨਜਿੰਦਰ ਸਿੰਘ ਖਿਲਾਫ਼ ਅਗ਼ਵਾ ਆਦਿ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਮਾਣਯੋਗ ਅਦਾਲਤ ਵਿੱਚ ਕਥਿਤ ਮੁਲਜ਼ਮ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰ ਪੁੱਛਗਿਛ ਕੀਤੀ। ਪੁਲਿਸ ਨੂੰ ਬੁੱਧਵਾਰ ਨੂੰ ਇਤਲਾਹ ਮਿਲੀ ਕਿ ਵਡਾਲਾ ਕਲਾਂ ਵਿੱਚੋਂ ਵਹਿੰਦੇ ਸੂਏ ਦੇ ਪੁਲ ਤੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ 'ਤੇ ਸਬੰਧਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਉਨਾਂ ਨੂੰ ਸਪੁਰਦਗੀ ਮਿਲੀ।
ਉਨਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਉਨ੍ਹਾਂ ਵੱਲੋਂ ਪਹਿਲਾਂ ਤੋਂ ਦਰਜ ਮੁਕੱਦਮੇ ਵਿੱਚ ਜੁਰਮ ਦਾ ਵਾਧਾ ਕਰਦਿਆਂ ਧਾਰਾ 302 ਜੋੜ ਕੇ ਮਾਮਲੇ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਕਤਲ ਹੈ, ਜਿਸ ਦੇ ਆਧਾਰ 'ਤੇ ਡੂੰਘਾਈ ਨਾਲ ਜਾਂਚ ਕਰਕੇ ਉਹ ਜਲਦ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲੈਣਗੇ।