ਅੰਮ੍ਰਿਤਸਰ: ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਲਈ ਔਰਤਾਂ ਵੀ ਮੈਦਾਨ ਵਿੱਚ ਹਨ। ਇਸੇ ਦੇ ਚੱਲਦਿਆਂ ਅੱਜ ਪੂਰੇ ਪੰਜਾਬ ਵਿੱਚ ਔਰਤਾਂ ਨੇ ਕੇਸਰੀ ਚੁੰਨੀਆਂ ਲੈ ਕੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ।
ਅੰਮ੍ਰਿਤਸਰ ਦੇ ਪਿੰਡ ਦੇਵੀਦਾਸਪੁਰ ਵਿੱਚ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੇ ਨਾਲ ਕੇਸਰੀ ਚੁੰਨੀਆਂ ਲੈ ਕੇ ਧਰਨੇ 'ਚ ਵੱਡੀ ਤਾਦਾਦ ਵਿੱਚ ਬੀਬੀਆਂ ਸ਼ਾਮਲ ਹੋਈਆਂ।
ਇਸ ਮੌਕੇ ਕਿਸਾਨ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਅੱਜ ਪੂਰੇ ਸੂਬੇ ਵਿੱਚ ਔਰਤਾਂ ਨੇ ਕੇਸਰੀ ਦਸਤਾਰਾਂ ਅਤੇ ਚੁੰਨੀਆਂ ਲੈ ਕੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਅੱਜ ਇਨ੍ਹਾਂ ਬੀਬੀਆਂ ਵਿੱਚ ਵੀ ਖੇਤੀ ਬਿੱਲਾਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ ਗੁੱਸਾ ਹੈ, ਜਿਸ ਕਰਕੇ ਔਰਤਾਂ ਇਸ ਸੰਘਰਸ਼ ਵਿੱਚ ਹਿੱਸਾ ਬਣ ਰਹੀਆਂ ਹਨ।
ਇਸ ਦੇ ਨਾਲ ਹੀ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਬਿੱਲ ਰੱਦ ਨਾ ਕੀਤੇ ਗਏ ਤਾਂ ਭਾਜਪਾ ਦੇ ਆਗੂਆਂ ਨੂੰ ਪਿੱਡਾਂ ਵਿੱਚ ਵੜ੍ਹਨ ਨਹੀਂ ਦੇਵਾਂਗੇ। ਉੱਥੇ ਹੀ ਕਿਸਾਨ ਅਕਾਲੀ ਦਲ ਵੱਲੋਂ ਭਾਜਪਾ ਵੱਲੋਂ ਗੱਠਜੋੜ ਤੋੜਨ 'ਤੇ ਕਿਹਾ ਕਿ ਅਕਾਲੀ ਦਲ ਨੇ ਅੱਜ ਮਜਬੂਰੀ ਵਿੱਚ ਸਿਆਸੀ ਜ਼ਮੀਨ ਖੁੱਸਣ ਦੇ ਡਰੋਂ ਇਹ ਗੱਠਜੋੜ ਤੋੜਿਆ।