ਅੰਮ੍ਰਿਤਸਰ :ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਆਪ੍ਰੇਸ਼ਨ ਤੋਂ ਬਾਅਦ ਇੱਕ ਔਰਤ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਵਿੱਚ ਖੂਬ ਹੰਗਾਮਾ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕਾ ਮੋਨਿਕਾ ਮਹਾਜਨ ਦੇ ਪਤੀ ਨੇ ਦੱਸਿਆ ਕਿ ਉਹ ਬਟਾਲੇ ਦੇ ਰਹਿਣ ਵਾਲੇ ਹਨ ਅਤੇ ਅੰਮ੍ਰਿਤਸਰ ਆਪਣੀ ਪਤਨੀ ਦਾ ਇਲਾਜ ਕਰਵਾਉਣ ਨਿੱਜੀ ਹਸਪਤਾਲ ਆਏ ਸਨ ਜਿੱਥੇ ਉਨ੍ਹਾਂ ਦੀ ਪਤਨੀ ਦੇ ਆਪਰੇਸ਼ਨ ਤੋਂ ਬਾਅਦ ਉਸ ਨੂੰ ਕੋਈ ਦਵਾਈ ਦਿੱਤੀ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ।
ਉਧਰ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਦੀ ਮੌਤ ਅੰਦਰੂਨੀ ਬਿਮਾਰੀ ਨਾਲ ਹੋਈ ਹੈ। ਆਪਰੇਸ਼ਨ ਤੋਂ ਬਾਅਦ ਪਰਿਵਾਰਕ ਮੈਂਬਰ ਮਰੀਜ਼ ਨੂੰ ਮਿਲੇ ਵੀ ਹਨ। ਡਾਕਟਰਾਂ ਮੁਤਾਬਕ ਮਰੀਜ਼ ਨੂੰ ਅਪ੍ਰੇਸ਼ਨ ਦੇ ਚਾਰ ਘੰਟਿਆਂ ਬਾਅਦ ਉਨ੍ਹਾਂ ਨੂੰ ਸਾਈਲੈਂਟ ਅਟੈਕ ਆਇਆ ਜਿਸ ਨਾਲ ਕਿ ਉਸ ਦੀ ਮੌਤ ਹੋ ਗਈ।
ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਸੀ ਕਿ ਅਸੀ ਲਾਸ਼ ਦਾ ਪੋਸਟਮਾਰਟਮ ਕਰਾ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਦੇ ਭਰੋਸੇ ਤੋਂ ਬਾਅਦ ਮ੍ਰਿਤਕਾ ਦਾ ਪਰਿਵਾਰ ਚੁੱਪ ਚਾਪ ਮ੍ਰਿਤਕਾ ਦੀ ਲਾਸ਼ ਲੈ ਕੇ ਬਟਾਲੇ ਵਾਪਸ ਚਲਾ ਗਿਆ।