ਅੰਮ੍ਰਿਤਸਰ: ਕੋਰੋਨਾ ਵਾਇਰਸ ਨੇ ਲਗਭਗ ਸਾਰੇ ਹੀ ਸੰਸਾਰ ਨੂੰ ਝੰਬਿਆ ਹੋਇਆ ਹੈ। ਇਸ ਵਾਇਰਸ ਤੋਂ ਜਨਸੰਖਿਆ ਵਿੱਚ ਦੂਜੇ ਨੰਬਰ 'ਤੇ ਆਉਣ ਵਾਲਾ ਭਾਰਤ ਮੁਲਕ ਵੀ ਨਹੀਂ ਬਚ ਸਕਿਆ ਹੈ। ਇਸ ਵਾਇਰਸ ਦੀ ਲਪੇਟ ਵਿੱਚ ਪੰਜਾਬ ਦਾ ਵੀ ਜ਼ਿਆਦਾਤਰ ਹਿੱਸਾ ਆ ਗਿਆ ਹੈ। ਇਸ ਵਾਹੀਯਾਤ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਵੱਲੋਂ ਕਈ ਉਪਰਾਲੇ ਵੀ ਕੀਤੇ ਜਾ ਰਹੇ ਹਨ। ਇਸ ਬਿਮਾਰੀ ਵਿੱਚ ਪੁਲਿਸ ਮੁਲਾਜ਼ਮ, ਸਿਹਤ ਵਿਭਾਗ ਦੇ ਕਰਮਚਾਰੀ ਤੇ ਪੱਤਰਕਾਰ ਜੀਅ ਜਾਨ ਨਾਲ ਫ਼ਰੰਟ 'ਤੇ ਆ ਕੇ ਆਪਣਾ ਰੋਲ ਨਿਭਾ ਰਹੇ ਹਨ।
ਸਿਹਤ ਵਿਭਾਗ ਦੇ ਮੁਲਾਜ਼ਮ (ਜੋ ਕਿ ਜ਼ਿਲ੍ਹਾ ਪ੍ਰੀਸ਼ਦ ਅਧੀਨ ਆਉਂਦੇ ਹਨ) ਪਿਛਲੇ 14 ਸਾਲਾਂ ਤੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ ਅਤੇ ਘੱਟ ਪੈਸੇ ਲੈ ਕੇ ਪੱਕੇ ਮੁਲਾਜ਼ਮਾਂ ਦੇ ਬਰਾਬਰ ਕੰਮ ਕਰਦੇ ਹਨ। ਇਸ ਬਿਪਤਾ ਦੀ ਘੜੀ ਵਿੱਚ ਅੰਮ੍ਰਿਤਸਰ ਦੀਆਂ ਵੱਖ-ਵੱਖ ਥਾਵਾਂ 'ਤੇ ਇਹ ਕੱਚੇ ਮੁਲਾਜ਼ਮ ਜਾਨ ਦੀ ਪ੍ਰਵਾਹ ਕਰੇ ਬਿਨਾਂ ਡਿਊਟੀ ਕਰ ਰਹੇ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੇਟ ਉੱਪਰ ਡਿਊਟੀ ਕਰ ਰਹੇ ਮੁਲਾਜ਼ਮਾਂ ਵਿੱਚੋਂ ਰੂਲਰ ਹੈਲਥਬਫਾਰਮਾਸਿਸਟ ਐਸੋਸੀਏਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਕਮਲਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਉਹ ਪਿਛਲੇ 14 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ, ਹੁਣ ਐਮਰਜੈਂਸੀ ਡਿਊਟੀਆਂ ਮੌਕੇ ਵੀ ਦਰਬਾਰ ਸਾਹਿਬ, ਆਈਸੋਲੇਸ਼ਨ ਵਾਰਡ, ਸਿਵਲ ਹਸਪਤਾਲ, ਬਾਘਾ ਵਾਰਡਰ, ਏਅਰਪੋਰਟ, ਰੈਪਡ ਟੀਮਾਂ ਕੰਮ ਕਰ ਰਹੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਸੀ ਪਰ ਅਜੇ ਤੱਕ ਕੋਈ ਵੀ ਗ਼ੌਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਤਾਂ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਦੂਜਾ ਪੱਕੇ ਮੁਲਾਜ਼ਮਾਂ ਵਾਂਗ 50 ਲੱਖ ਰੁਪਏ ਦਾ ਬੀਮਾ ਹੋਵੇ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਹੁਣ ਥੋੜ੍ਹੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਅੱਧੇ ਪੈਸੇ ਤਾਂ ਆਉਣ-ਜਾਣ ਵਿੱਚ ਹੀ ਖਰਚ ਹੋ ਜਾਂਦੇ ਹਨ। ਕਿਉਂਕਿ ਉਨ੍ਹਾਂ ਦੀ ਡਿਊਟੀ ਘਰ ਤੋਂ 40-50 ਕਿਲੋਮੀਟਰ ਦੂਰ ਪੈ ਜਾਂਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿੱਚ 91 ਤੇ ਪੰਜਾਬ ਵਿੱਚ 1186 ਮੁਲਾਜ਼ਮ ਜੋ ਪਿਛਲੇ ਲੰਮੇ ਸਮੇਂ ਤੋਂ ਪੱਕੇ ਹੋਣ ਨੂੰ ਤਰਸ ਰਹੇ ਹਨ। ਸਰਕਾਰ ਨੂੰ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਮੁਲਾਜ਼ਮ ਫ਼ਰੰਟ 'ਤੇ ਆ ਕੇ ਕੰਮ ਕਰ ਰਹੇ ਹਨ।