ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਅਧੀਨ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ ਅਤੇ ਇਹੀ ਕਾਰਣ ਹੈ ਕਿ ਲੋਕ ਘਰ ਤੋਂ ਬਾਹਰ ਨਿਕਲਣ ਮੌਕੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਸੇ ਤਰ੍ਹਾਂ ਦਾ ਮਾਮਲਾ ਪਿੰਡ ਵਡਾਲਾ ਦੇ ਸਰਪੰਚ ਦਲਜੀਤ ਸਿੰਘ ਭੱਪੀ ਨਾਲ ਵਾਪਰਨ ਦੀ ਖਬਰ ਹੈ, ਜਿੱਥੇ ਅਣਪਛਾਤੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਸਰਪੰਚ ਦੇ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਦਲਜੀਤ ਸਿੰਘ ਭੱਪੀ ਪਿੰਡ ਧਿਆਨਪੁਰ ਤੋਂ ਬਾਬਾ ਬਕਾਲਾ ਆ ਰਹੇ ਸਨ। ਰਸਤੇ ਵਿੱਚ ਨਹਿਰ ਦੇ ਪੁਲ ਉਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਦਾ ਦਰਵਾਜ਼ਾ ਖੜਕਾਇਆ। ਦਲਜੀਤ ਸਿੰਘ ਭੱਪੀ ਨੇ ਜਿਉਂ ਹੀ ਦਰਵਾਜ਼ਾ ਖੋਲ੍ਹਿਆ, ਲੁਟੇਰਿਆਂ ਨੇ ਉਨ੍ਹਾਂ ਦੀਆਂ ਜੇਬਾਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ।
ਸਰਪੰਚ ਦਲਜੀਤ ਸਿੰਘ ਭੱਪੀ ਅਮਨਦੀਪ ਹਸਪਤਾਲ ਵਿਚ ਜ਼ੇਰੇ ਇਲਾਜ
ਇਸ ਉਤੇ ਸਰਪੰਚ ਦਲਜੀਤ ਸਿੰਘ ਤੇ ਲੁਟੇਰਿਆਂ ਵਿਚ ਹੱਥੋਪਾਈ ਸ਼ੁਰੂ ਹੋ ਗਈ। ਇਸ ਹੱਥੋਪਾਈ ਦੌਰਾਨ ਇਕ ਲੁਟੇਰੇ ਨੇ ਦੋ ਫਾਇਰ ਕੀਤੇ। ਇੱਕ ਗੋਲੀ ਪੇਟ ਦੇ ਨਾਲ ਖਹਿ ਕੇ ਲੰਘਣ ਉਤੇ ਸਰਪੰਚ ਦਲਜੀਤ ਸਿੰਘ ਭੱਪੀ ਜ਼ਖ਼ਮੀ ਹੋ ਗਏ, ਜਦਕਿ ਲੁਟੇਰੇ ਫ਼ਰਾਰ ਹੋ ਗਏ।
ਦਿਲਜੀਤ ਸਿੰਘ ਭੱਪੀ ਆਪਣੀ ਕਾਰ ਚਲਾ ਕੇ ਕਲੇਰ ਹਸਪਤਾਲ ਰਈਆ ਪਹੁੰਚੇ, ਜਿੱਥੋਂ ਉਨ੍ਹਾਂ ਨੂੰ ਅਮਨਦੀਪ ਹਸਪਤਾਲ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ। ਸਰਪੰਚ ਦਲਜੀਤ ਸਿੰਘ ਭੱਪੀ ਇਸ ਸਮੇਂ ਅਮਨਦੀਪ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਥਾਣਾ ਬਿਆਸ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ 17 ਕਿਲੋ ਹੈਰੋਇਨ ਸਮੇਤ 4 ਅਫ਼ਗਾਨੀ ਨਾਗਰਿਕਾਂ ਨੂੰ ਕੀਤਾ ਗ੍ਰਿਫਤਾਰ