ਜ਼ਿਮਨੀ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ। ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ 'ਚ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।ਇਸੇ ਚੋਣ ਪ੍ਰਚਾਰ ਦੌਰਾਨ ਲੀਡਰਾਂ ਵੱਲੋਂ ਵਿਰੋਧੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਹਨ।ਹੁਣ ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਅਫੀਮ ਦੀ ਖੇਤੀ ਦੇ ਮੁੱਦੇ 'ਤੇ ਦਿੱਤੇ ਬਿਆਨ 'ਤੇ ਘੇਰਿਆ। ਚੰਨੀ ਨੇ ਕਿਹਾ ਕਿ "ਰਵਨੀਤ ਬਿੱਟੂ ਨੂੰ ਕੁਝ ਨਹੀਂ ਪਤਾ, ਕਦੋਂ ਕੀ ਗੱਲ ਕਰਨੀ ਹੈ।ਉਹ ਕਿਸੇ ਵੀ ਚੈਨਲ 'ਤੇ ਕੁੱਝ ਵੀ ਬੋਲ ਦਿੰਦਾ ਹੈ।
ਬਿੱਟੂ ਨਹੀਂ ਬਣੇਗਾ ਮੁੱਖ ਮੰਤਰੀ
ਇਸੇ ਪ੍ਰਚਾਰ ਦੌਰਾਨ ਚੰਨੀ ਨੇ ਤਿੱਖਾ ਤੰਜ ਕੱਸਦੇ ਆਖਿਆ ਕਿ "ਨੀਟੂ ਸ਼ਟਰਾਂ ਵਾਲਾ ਭਾਵੇਂ ਮੁੱਖ ਮੰਤਰੀ ਬਣ ਜਾਵੇ ਪਰ ਰਵਨੀਤ ਬਿੱਟੂ ਕਦੇ ਵੀ ਮੁੱਖ ਮੰਤਰੀ ਨਹੀਂ ਬਣ ਸਕਦਾ"। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਅੰਗਰੇਜ਼ਾਂ ਦੇ ਰੂਪ ਵਿੱਚ ਲੋਕਾਂ ਨੂੰ ਲੁੱਟ ਰਹੀ ਹੈ। ਭਗਵੰਤ ਮਾਨ ਤੋਂ ਸਰਕਾਰ ਸੰਭਾਲੀ ਨਹੀਂ ਜਾ ਰਹੀ ਹੈ। ਕੇਜਰੀਵਾਲ ਇਸ ਵੇਲੇ ਪੰਜਾਬ ਦੀ ਸਰਕਾਰ ਚਲਾ ਰਹੇ ਹਨ, ਜਦਕਿ ਭਗਵੰਤ ਮਾਨ ਸ਼ਾਹੀ ਕੈਦੀ ਹੈ। ਪੰਜਾਬ ਦੇ ਡੀਸੀ ਵੀ ਮੀਟਿੰਗ ਲਈ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਦੋਵਾਂ ਸਰਕਾਰਾਂ ਨੇ ਮਿਲ ਕੇ ਸੂਬੇ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਾਇਆ ਹੈ। ਪੰਜਾਬ ਦੀ ‘ਆਪ’ ਸਰਕਾਰ ਨਸ਼ੇ ਨੂੰ ਰੋਕਣ ‘ਚ ਨਾਕਾਮ ਰਹੀ ਹੈ ਅਤੇ ਇਸ ਸਮੇਂ ਪੰਜਾਬ ‘ਚ ਨਸ਼ੇ ਦਾ ਬੋਲਬਾਲਾ ਹੈ।
ਕਾਲਾ ਢਿੱਲੋਂ ਦੇ ਹੱਕ 'ਚ ਚੋਣ ਪ੍ਰਚਾਰ
ਦਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪਿੰਡ ਅਮਲਾ ਸਿੰਘ ਵਾਲਾ ਅਤੇ ਜੋਧਪੁਰ ਵਿੱਚ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਬੀਜੇਪੀ ਦੇ ਆਗੂਆਂ ਨੂੰ ਘੇਰਿਆ।ਹੁਣ ਵੇਖਣਾ ਹੋਵੇਗਾ ਕਿ ਚੰਨੀ ਦੇ ਇਸ ਬਿਆਨ 'ਤੇ ਬਿੱਟੂ ਦਾ ਕੀ ਬਿਆਨ ਆਵੇਗਾ।