ਅੰਮ੍ਰਿਤਸਰ: ਚੋਰਾਂ ਤੋਂ ਤੰਗ ਆਏ ਲੋਕਾਂ ਨੇ ਅੱਕ ਕੇ ਹੁਣ ਖੁਦ ਅਜਿਹੇ ਚੋਰਾਂ ਖਿਲਾਫ ਡੰਡਾ ਚੁੱਕ ਲਿਆ ਹੈ। ਤਾਜਾ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਰਈਆ ਦਾ ਹੈ ਜਿੱਥੇ ਇੱਕ ਅੋਰਤ ਦਾ ਪਰਸ ਖੋਹ ਭੱਜ ਰਹੇ ਬਾਈਕ ਸਵਾਰਾਂ ਨੂੰ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਕਾਬੂ ਕਰ ਰੱਜ ਕੇ ਛਿੱਤਰ ਪਰੇਡ ਕੀਤੀ ਅਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਥਾਣਾ ਬਿਆਸ ਐੱਸਐੱਚਓ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਵਾਸੀ ਫੇਰੂਮਾਨ ਜੋ ਕਿ ਰਈਆ ਬੱਸ ਅੱਡਾ ਮੰਡੀ ਨੇੜੇ ਖੜ੍ਹੇ ਸੀ ਕਿ ਇਸ ਦੌਰਾਨ ਦੋ ਬਾਈਕ ਸਵਾਰ ਉਨ੍ਹਾਂ ਦਾ ਪਰਸ ਤੇ ਫੋਨ ਝਪਟ ਕੇ ਭੱਜੇ। ਇਸ ਘਟਨਾ ਤੋਂ ਬਾਅਦ ਔਰਤ ਵੱਲੋਂ ਰੌਲਾ ਪਾਉਣ ’ਤੇ ਕੁਝ ਲੋਕਾਂ ਨੇ ਬਾਈਕ ਸਵਾਰਾਂ ਨੂੰ ਕਾਬੂ ਕਰ ਰਈਆ ਚੌਂਕੀ ਇੰਚਾਰਜ ਸਬ ਇੰਸਪੈਕਟਰ ਰਘਬੀਰ ਸਿੰਘ ਦੇ ਹਵਾਲੇ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਬਿਆਸ ਪੁਲਿਸ ਵੱਲੋਂ ਘਟਨਾ ਦੀ ਸ਼ਿਕਾਰ ਔਰਤ ਦੇ ਬਿਆਨਾਂ ਦੇ ਅਧਾਰ ’ਤੇ ਕਥਿਤ ਮੁਲਜ਼ਮ ਗੁਰਪ੍ਰੀਤ ਸਿੰਘ ਪੁੱਤਰ ਦਇਆ ਸਿੰਘ ਅਤੇ ਕਥਿਤ ਮੁਲਜ਼ਮ ਜਸਵੀਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਧੂਲਕਾ ਖਿਲਾਫ਼ ਥਾਣਾ ਬਿਆਸ ਵਿਖੇ ਮੁਕਦਮਾ ਨੰ 98 ਧਾਰਾ 379 ਬੀ, 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦਾ ਹੋਇਆ ਪੋਸਟਮਾਰਟਮ, ਮਿਲੇ 2 ਦਰਜਨ ਗੋਲੀਆਂ ਦੇ ਨਿਸ਼ਾਨ