ਅੱਜ ਦਾ ਮੁੱਖਵਾਕ
ਵਿਆਖਿਆ: ਧਨਾਸਰੀ ਮਹਲਾ ਪੰਜਵਾਂ, ਹੇ ਮੇਰੀ ਜਿੰਦੇ ਜਿਸ ਨੇ ਤੈਨੂੰ ਇਸ ਸੰਸਾਰ ਵਿੱਚ ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵੱਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ। ਤੂੰ ਆਨੰਦ ਨਾਲ ਆਤਮਿਕ ਅਡੋਲਤਾ ਨਾਲ ਹਿਰਦੇ ਘਰ ਵਿਚ ਟਿਕੀ ਰਹੇ। ਹੇ ਜਿੰਦੇ, ਆਤਮਿਕ ਅਡੋਲਤਾ ਦੀ ਰੌ ਵਿੱਚ ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿਗੁਣ ਗਾਇਆ ਕਰ। ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉੱਤੇ ਅਟੱਲ ਰਾਜ ਕਰ। ।੧।
ਮੇਰੇ ਮਿੱਤਰ, ਮੇਰੇ ਮਨ ਹੁਣ ਤੂੰ ਹਿਰਦੇਘਰ ਵਿੱਚ ਟਿਕਿਆ ਰਹੇ। ਪ੍ਰਮਾਤਮਾ ਨੇ ਆਪ ਹੀ ਕਾਮਾਦਿਕ ਤੇਰੇ ਵੈਰੀ ਦੂਰ ਕਰ ਦਿੱਤੇ ਹਨ। ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ ਮੁਸੀਬਤ ਹੁਣ ਮੁੱਕ ਗਈ ਹੈ।ਰਹਾਉ। ਹੇ ਮੇਰੀਏ ਜਿੰਦੇ, ਸਭ ਕੁਝ ਕਰ ਸਕਣ ਵਾਲੇ ਖਸਮ ਪ੍ਰਭੂ ਨੇ ਜਿਨ੍ਹਾਂ ਉਤੇ ਮਿਹਰ ਕੀਤੀ, ਉਨ੍ਹਾਂ ਦੇ ਅੰਦਰ ਉਸ ਨੇ ਆਪਣਾ ਆਪ ਪ੍ਰਗਟ ਕਰ ਦਿੱਤਾ ਹੈ। ਉਨ੍ਹਾਂ ਦੀਆਂ ਭਟਕਣਾਂ ਮੁੱਕ ਗਈਆਂ। ਉਨ੍ਹਾਂ ਦੇ ਹਿਰਦੇ ਘਰ ਵਿੱਚ ਆਤਮਿਕ ਆਨੰਦ ਦੇ ਮੰਨੋ ਵਾਜੇ ਸਦਾ ਵੱਜਣ ਲੱਗ ਪੈਂਦੇ ਹਨ।੨।
ਹੇ ਜਿੰਦੇ, ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਵੀ ਕਾਮਾਦਿਕ ਵੈਰੀਆਂ ਦੇ ਟਾਕਰੇ ਉੱਤੇ ਪੱਕੇ ਪੈਰਾਂ 'ਤੇ ਖੜਾ ਹੋ ਜਾ, ਵੇਖੀਂ, ਹੁਣ ਕਦੇ ਵੀ ਨਾ ਡੋਲ ਜਾਵੀਂ। ਸਾਰੇ ਸ੍ਰਿਸ਼ਟੀ ਸੰਸਾਰ ਵਿੱਚ ਸੋਭਾ ਹੋਵੇਗੀ। ਪ੍ਰਭੂ ਦੀ ਹਜ਼ੂਰੀ ਵਿੱਚ ਤੇਰਾ ਮੂੰਹ ਉਜਲਾ ਹੋਵੇਗਾ।੩। ਹੇ ਨਾਨਕ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਨ੍ਹਾਂ ਨੂੰ ਵਿਕਾਰਾਂ ਤੋਂ ਵਾਪਸ ਮੋੜਦਾ ਹੈ। ਉਹ ਆਪ ਹੀ ਮਦਦਗਾਰ ਬਣਦਾ ਹੈ। ਸਭ ਕੁਝ ਕਰ ਸਕਣ ਵਾਲੇ ਪ੍ਰਮਾਤਮਾ ਨੇ ਇਹ ਅਨੋਖੀ ਖੇਡ ਬਣਾਈ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।੪।੪।੨੮।
ਇਹ ਵੀ ਪੜ੍ਹੋ: Punjab budet 2023: ਸੀਐੱਮ ਮਾਨ ਖ਼ਿਲਾਫ਼ ਕਾਂਗਰਸੀ ਵਿਧਾਇਕ ਹੋਏ ਲਾਮਬੰਦ, ਸੀਐੱਮ ਮਾਨ ਨੂੰ ਸਦਨ ਤੋਂ ਮੁਆਫ਼ੀ ਮੰਗਣ ਲਈ ਕਿਹਾ, ਪੜ੍ਹੋ ਮਾਮਲਾ