ਅੱਜ ਦਾ ਮੁੱਖਵਾਕ
ਵਿਆਖਿਆ- ਰਾਗੁ ਸੂਹੀ ਮਹਲਾ ਤੀਜਾ ਘਰੁ ਪਹਿਲਾਂ ਅਸਟਪਦੀਆ, ਹੇ ਭਾਈ, ਪ੍ਰਮਾਤਮਾ ਦੇ ਨਾਮ ਤੋਂ ਸਭ ਕੁਝ ਆਤਮਿਕ ਜੀਵਨ ਰੋਸ਼ਨ ਹੁੰਦਾ ਹੈ, ਪਰ ਗੁਰ ਸ਼ਰਨ ਪੈਣ ਤੋਂ ਬਿਨਾਂ ਨਾਮ ਦੀ ਕਦਰ ਨਹੀਂ ਪੈਂਦੀ। ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿੰਨਾ ਚਿਰ ਇਸ ਨੂੰ ਚੱਖਿਆ ਨਾ ਜਾਵੇ, ਸੁਆਦ ਦਾ ਪਤਾ ਨਹੀਂ ਲੱਗਦਾ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ, ਉਹ ਆਪਣੇ ਮਨੁੱਖੀ ਜਨਮ ਨੂੰ ਕੌਡੀਆਂ ਦੇ ਭਾਅ ਯਾਨੀ ਵਿਅਰਥ ਹੀ ਗਵਾ ਲੈਂਦਾ ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਚੱਲਦਾ ਹੈ, ਤਾਂ ਇਕ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ। ਉਸ ਨੂੰ ਹਉਮੈ ਹੰਕਾਰ ਦਾ ਦੁੱਖ ਨਹੀਂ ਸਤਾ ਸਕਦਾ।੧।
ਹੇ ਭਾਈ, ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਸ਼ਰਨ ਆਏ ਮਨੁੱਖ ਦੀ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਨਾਲ ਪ੍ਰੀਤਿ ਪਿਆਰ ਜੋੜਿਆ ਹੈ। ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਿਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਿਕ ਅਡੋਲਤਾ 'ਚ ਲੀਨ ਰਹਿੰਦਾ ਹੈ।੧।ਰਹਾਉ। ਹੇ ਭਾਈ, ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਜਪਦਾ ਰਹਿੰਦਾ ਹੈ। ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ। ਉਸ ਮਨੁੱਖ ਦੀ ਜਿੰਦ ਉਸ ਦਾ ਸ਼ਹੀਦ ਗੁਰੂ ਦੀ ਬਰਕਤਿ ਨਾਲ ਨਵਾਂ ਆਤਮਿਕ ਜਨਮ ਲੈਂਦਾ ਹੈ। ਗੁਰੂ ਦੀ ਸ਼ਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ। ਆਪਣੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਮੋਹ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ। ਉਹ ਸਦਾ ਗ਼ਲਤ ਕੰਮ ਹੀ ਕਰਦਾ ਹੈ। ਜਗ ਵਿੱਚ ਉਹ ਅਜਿਹੀ ਖੱਟੀ ਖੱਟਦਾ ਹੈ ਜਿਹੜੀ ਉਸ ਦੇ ਆਤਮਿਕ ਜੀਵਨ ਲਈ ਜ਼ਹਿਰ ਬਣ ਜਾਂਦੀ ਹੈ। ਪਿਆਰ ਗੁਰੂ ਦੀ ਸ਼ਰਨ ਤੋਂ ਬਿਨਾਂ ਉਹ ਮਨੁੱਖ ਮਾਇਆ ਮੋਹ ਵਿੱਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ।੨।
ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਦੀ ਰਜ਼ਾ ਵਿੱਚ ਤੁਰਨ ਲੱਗ ਪੈਂਦਾ ਹੈ, ਉਹ ਮਨੁੱਖ ਪ੍ਰਮਾਤਮਾ ਦਾ ਭਗਤ ਬਣ ਜਾਂਦਾ ਹੈ। ਸਦਾ ਸਥਿਰ ਪ੍ਰਭੂ ਦੀ ਸਿਫ਼ਤਿ ਸਾਲਾਹਿ ਦੀ ਬਾਣੀ, ਉਸ ਦੇ ਮਨ ਵਿੱਚ ਟਿਕੀ ਰਹਿੰਦੀ ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖਦਾ ਹੈ। ਗੁਰੂ ਦੇ ਦੱਸੇ ਰਾਹ ਉੱਤੇ ਤੁਰਨ ਵਾਲਾ ਮਨੁੱਖ ਸਦਾ ਸਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹਿ ਦੀ ਬਾਣੀ ਉਚਾਰਦਾ ਰਹਿੰਦਾ ਹੈ ਜਿਸ ਦੀ ਬਰਕਤਿ, ਉਸ ਦੇ ਅੰਦਰੋਂ ਹਉਮੈ ਹੰਕਾਰ ਨੂੰ ਦੂਰ ਕਰਦੀ ਹੈ। ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪ੍ਰਮਾਤਮਾ ਆਪ ਹੀ ਸਭ ਦਾਤਾਂ ਬਖਸ਼ਣ ਵਾਲਾ ਹੈ, ਪ੍ਰਮਾਤਮਾ ਦੀ ਸਖ਼ਸ਼ੀਅਤ ਅਟੱਲ ਹੈ। ਇਹ ਮਨੁੱਖ ਹੋਰਨਾਂ ਨੂੰ ਵੀ ਸਦਾ ਸਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹਿ ਸੁਣਾਉਂਦਾ ਰਹਿੰਦਾ ਹੈ।੩।
ਹੇ ਭਾਈ, ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ, ਉਹ ਨਾਮ ਸਿਮਰਨ ਦੀ ਮਿਹਨਤ ਕਰਦਾ ਹੈ। ਨਾਮ ਧਨ ਖੱਟਦਾ ਹੈ, ਅਤੇ ਹੋਰਨਾਂ ਨੂੰ ਵੀ ਨਾਮ ਜਪਾਉਂਦਾ ਹੈ। ਸਦਾ ਸਥਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗ ਕੇ ਉਹ ਮਨੁੱਖ ਸਦਾ ਮਾਇਆ ਮੋਹ ਤੋਂ ਨਿਰਲੇਪ ਰਹਿੰਦਾ ਹੈ। ਗੁਰੂ ਦੇ ਦਰ ਉੱਤੇ ਰਹਿ ਕੇ ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿੱਚ ਲੀਨ ਰਹਿੰਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਹੀ ਝੂਠ ਬੋਲਦਾ ਹੈ, ਆਤਮਿਕ ਜੀਵਨ ਨੂੰ ਮਾਰ ਮੁਕਾਉਣ ਵਾਲਾ ਮਾਇਆ ਦੇ ਮੋਹ ਦਾ ਜ਼ਹਿਰ ਬੀਜਦਾ ਹੈ, ਤੇ ਉਹੀ ਜ਼ਹਿਰ ਖਾਂਦਾ ਹੈ ਉਸ ਜ਼ਹਿਰ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਈ ਰੱਖਦਾ ਹੈ। ਉਹ ਮਨੁੱਖ ਆਤਮਿਕ ਮੌਤ ਦੀਆਂ ਫਾਹੀਆਂ ਵਿੱਚ ਬੱਝਾ ਰਹਿੰਦਾ ਹੈ। ਤ੍ਰਿਸ਼ਨਾ ਦੀ ਅੱਗ ਨਾਲ ਸੜਿਆ ਰਹਿੰਦਾ ਹੈ। ਇਸ ਮੁਸੀਬਤ ਵਿਚੋਂ ਉਸ ਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਛੁਡਵਾ ਨਹੀਂ ਸਕਦਾ।੧।
ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਜਾਂਦਾ ਹੈ, ਉਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸਦਾ ਕਾਇਮ ਰਹਿਣ ਵਾਲਾ ਤੀਰਥ ਗੁਰੂ ਦਾ ਸ਼ਬਦ ਹੀ ਹੈ। ਗੁਰੂ ਦੇ ਸ਼ਬਦ ਵਿੱਚ ਹੀ ਪ੍ਰਭੂ ਉਸ ਨੂੰ ਤੀਰਥ ਵਿਖਾ ਦਿੰਦਾ ਹੈ ਅਤੇ ਵਿਖਾ ਦਾ ਹੈ ਕਿ ਉਸ ਨੇ ਗੁਰੂ ਸੰਸਥਾ ਤੀਰਥ ਵਿੱਚ ਨਾਮਿਆਂ ਵਿਕਾਰਾਂ ਦੀ ਮੈਲ ਲਹਿ ਗਈ ਹੈ। ਉਸ ਮਨੁੱਖ ਨੂੰ ਯਕੀਨ ਹੋ ਜਾਂਦਾ ਹੈ ਕਿ ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿੱਤਰ ਤੀਰਥ ਹੈ। ਉਸ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਉਹ ਮਨੁੱਖ ਪੂਰੇ ਗੁਰੂ ਪਾਸੋਂ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਸਿਫ਼ਤਿ-ਸਾਲਾਹਿ ਪ੍ਰਾਪਤ ਕਰ ਲੈਂਦਾ ਹੈ।੫।
ਪਰ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਨਹੀਂ ਪੈਂਦਾ, ਉਹ ਮਨੁੱਖ ਖੋਟੀ ਯਾਨੀ ਉਲਟੀ ਮਤ ਸਮਝ ਪਾਉਂਦਾ ਹੈ। ਜਦੋਂ ਪ੍ਰਮਾਤਮਾ ਦੀ ਰਜ਼ਾ ਹੁੰਦੀ ਹੈ, ਮਨੁੱਖ ਦੀ ਸ਼ਰਨ ਪੈਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ। ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਦਿੰਦਾ ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ। ਆਤਮਿਕ ਅਡੋਲਤਾ ਵਿੱਚ ਹੀ ਲੀਨ ਰਹਿੰਦਾ ਹੈ॥੬॥
ਜਿਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿੱਚ ਟਿਕਿਆ ਰਹਿੰਦਾ ਹੈ, ਉਹ ਇਹ ਗੱਲ ਸਮਝ ਲੈਂਦਾ ਹੈ ਕਿ ਪ੍ਰਮਾਤਮਾ ਦੇ ਨਾਮ ਹੀ ਸੱਚਾ ਸਾਥੀ ਹੈ। ਉਹ ਮਨੁੱਖ ਪ੍ਰਮਾਤਮਾ ਦੀ ਸਦਾ ਸਥਿਰ ਰਹਿਣ ਵਾਲੀ ਸਿਫ਼ਤਿ ਸਾਲਾਹਿ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ। ਉਹ ਸਦਾ ਸਥਿਰ ਪ੍ਰਭੂ ਦੇ ਨਾਮ ਵਿੱਚ ਪਿਆਰ ਕਰਨ ਲੱਗ ਪੈਂਦਾ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਸੰਸਾਰ ਵਿੱਚ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਹੀ ਦੱਸਦਾ ਹੈ। ਅਜਿਹੇ ਮਨੁੱਖ ਨੂੰ ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ, ਤਾਂ ਉਸ ਉੱਤੇ ਬਖ਼ਸ਼ਿਸ਼ ਕਰਦਾ ਹੈ। ਸਦਾ ਸਥਿਰ ਰਹਿਣ ਵਾਲੀ ਆਪਣੀ ਭਗਤੀ ਦੇ ਕੇ ਉਸ ਦਾ ਜੀਵਨ ਸੋਹਣਾ ਬਣਾ ਦਿੰਦਾ ਹੈ।੭।
ਹੇ ਭਾਈ, ਕੋਈ ਵਿਰਲਾ ਹੀ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਹੈ। ਜਗ ਵਿੱਚ ਜੰਮਣਾ ਮਰਨਾ ਵੀ ਉਸੇ ਦੇ ਹੁਕਮ ਮੁਤਾਬਕ ਚਲ ਰਿਹਾ ਹੈ । ਗੁਰੂ ਦੀ ਸ਼ਰਨ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਤਲਾਸ਼ਦਾ ਰਹਿੰਦਾ ਹੈ। ਜਦੋਂ ਉਹ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਸ਼ੁਰੂ ਕਰਦਾ ਹੈ, ਤਾਂ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਫਿਰ ਉਹ ਜਿਹੜੀ ਮੁਰਾਦ ਜਾਂ ਇੱਛਾ ਮੰਗਦਾ ਹੈ, ਉਹੀ ਹਾਸਿਲ ਕਰ ਲੈਂਦਾ ਹੈ। ਨਾਨਕ ਆਖਦੇ ਹਨ ਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਯਾਨੀ ਮੈਂ ਨੂੰ ਦੂਰ ਕਰ ਲੈਂਦਾ ਹੈ, ਉਸ ਦਾ ਆਤਮਿਕ ਜੀਵਨ ਦਾ ਸਾਰਾ ਸਰਮਾਇਆ ਬਚ ਜਾਂਦਾ ਹੈ॥੮॥੧॥
ਇਹ ਵੀ ਪੜ੍ਹੋ : Lawrence Bishnoi Interview: ਮੂਸੇਵਾਲਾ ਦੇ ਨਜ਼ਦੀਕੀਆਂ ਨੇ ਕਿਹਾ- ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਰਕਾਰ ਦੇ ਇਸ਼ਾਰੇ 'ਤੇ ਹੋਈ