ਅੰਮ੍ਰਿਤਸਰ: ਜ਼ਿਲ੍ਹੇ ਦੇ ਦਿਹਾਤੀ ਖੇਤਰ ਅਧੀਨ ਵੱਖ-ਵੱਖ ਪਿੰਡਾਂ-ਕਸਬਿਆਂ ਵਿੱਚ ਬੇਲਗਾਮ ਹੋਏ ਚੋਰਾਂ ਅੱਗੇ ਪੁਲਿਸ ਪ੍ਰਸ਼ਾਸਨ ਬੇਵੱਸ ਹੁੰਦਾ ਨਜ਼ਰ ਆ ਰਿਹਾ ਹੈ ਜਾਂ ਫਿਰ ਕਹਿ ਲਉ ਕਿ ਗੋਢੇ ਟੇਕ ਚੁੱਕਾ ਹੈ। ਅਜਿਹਾ ਇਸ ਲਈ ਕਿਉਂਕਿ ਆਏ ਦਿਨ ਹੋ ਰਹੀਆਂ ਚੋਰੀਆਂ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਵਿੱਚ ਚੋਰ-ਲੁਟੇਰਿਆਂ ਨੂੰ ਕਾਬੂ ਕਰਨਾ ਤਾਂ ਦੂਰ ਸਗੋ ਪੁਲਿਸ ਦੀ ਨਲਾਇਕੀ ਕਾਰਨ ਹੋਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।
ਹੁਣ ਤਾਜ਼ੀ ਘਟਨਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਦੇ ਸਰਕਾਰੀ ਸਕੂਲ ਤੋਂ ਸਾਹਮਣੇ ਆਈ ਹੈ। ਜਿੱਥੇ ਚੋਰਾਂ ਵੱਲੋ ਲੋਹੇ ਦੇ ਦਰਵਾਜੇ ਅਤੇ ਅੰਡਰ ਲੌਕ ਤੋੜ ਕੇ ਸਕੂਲ ਅੰਦਰੋਂ ਦੋ ਕੰਪਿਊਟਰ, ਐਲ ਸੀ ਡੀ, ਸਪੀਕਰ, ਖੇਡਾਂ ਦੇ ਸਮਾਨ ਸਮੇਤ ਬੱਚਿਆਂ ਦੇ ਖਾਣ ਲਈ ਪਏ ਰਾਸ਼ਨ ਦੇ ਸਮਾਨ ਨੂੰ ਵੀ ਚੋਰੀ ਕਰ ਲਿਆ ਗਿਆ ਹੈ।
ਸਕੂਲ ਤੋ ਹੋਇਆ ਸਮਾਨ ਚੋਰੀ: ਸਕੂਲ ਦੇ ਹੈਡ ਟੀਚਰ ਰੁਪਿੰਦਰਪਾਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਇੱਥੇ ਸਰਕਾਰੀ ਹਾਈ ਸੈਲਫ ਸਮਾਰਟ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਇਕੱਠੇ ਹਨ। ਜਿੱਥੇ ਵਿੱਚੋਂ ਪਿੱਛਲੇ ਦੋ ਸਾਲਾਂ ਵਿੱਚ ਲਗਭਗ 15 ਵਾਰ ਚੋਰੀ ਹੋ ਚੁੱਕੀ ਹੈ।ਜਿਸ ਦੌਰਾਨ ਸਕੂਲ ਦੀ ਪਾਣੀ ਵਾਲੀ ਮੋਟਰ, ਪਾਣੀ ਵਾਲੀ ਟੈਂਕੀ, ਟੂਟੀਆਂ, ਸਿਲੰਡਰ, ਮਿੱਡ ਡੇ ਮੀਲ ਦਾ ਰਾਸ਼ਨ ਆਦਿ ਚੋਰੀ ਹੁੰਦਾ ਰਿਹਾ ਹੈ ਅਤੇ ਇਸ ਵਾਰ ਫਿਰ ਚੋਰਾਂ ਵਲੋਂ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ 2 ਕੰਪਿਊਟਰ ਸੈੱਟ, 42 ਇੰਚ ਦੀ ਐਲ ਸੀ ਡੀ, ਬਲਿਊਟੁਥ ਸਪੀਕਰ, ਬੱਚਿਆਂ ਦੇ ਖੇਡਾਂ ਦੇ ਸਮਾਨ ਸਮੇਤ ਮਿਡ ਡੇ ਮੀਲ ਵਿੱਚ ਪਿਆ ਬੱਚਿਆਂ ਦੇ ਖਾਣ ਲਈ ਆਇਆ ਰਾਸ਼ਨ ਦਾ ਸਮਾਨ ਵੀ ਚੋਰੀ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਹੁਣ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਸਕੂਲ ਦੀ ਰਾਖੀ ਵਾਸਤੇ ਇੱਕ ਚੌਂਕੀਦਾਰ ਦਿੱਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆ ਘਟਨਾਵਾਂ ਨਾ ਵਾਪਰਨ।
ਇਹ ਵੀ ਪੜ੍ਹੋ : Electric Vehicle Charging Unit : ਪੰਜਾਬ ਦੇ ਪੈਟਰੋਲ ਪੰਪਾਂ 'ਤੇ ਇਲੈਕਟ੍ਰਿਕ ਚਾਰਜਿੰਗ ਸ਼ੁਰੂ, ਦਿੱਲੀ-ਜਲੰਧਰ ਹਾਈਵੇਅ 'ਤੇ 5 ਥਾਂ ਲੱਗੇ ਯੂਨਿਟ