ਅੰਮ੍ਰਿਤਸਰ: ਦੇਸ਼ ਵਿਚ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਹਮੇਸ਼ਾ ਹੀ ਮਹਿਲਾਵਾਂ ਨੇ ਪਹਿਲ ਕੀਤੀ ਹੈ, ਇਸ ਪਹਿਲਕਦਮੀ ਵਿੱਚ ਅੰਮ੍ਰਿਤਸਰ ਦੇ ਅਟਾਰੀ ਸਰਹੱਦ ਤੋਂ ਦੋ ਕੁੜੀਆਂ ਮਹਿਲਾ ਸ਼ਕਤੀਕਰਨ ਦੇ ਸੰਦੇਸ਼ ਨੂੰ ਲੈ ਕੇ 5700 ਕਿਲੋਮੀਟਰ ਦੀ ਯਾਤਰਾ ਦੇ ਲਈ ਨਿਕਲੀਆਂ ਹਨ। ਇਸ ਸਾਇਕਲ ਯਾਤਰਾ ਨੂੰ ਦੋਵੇਂ ਕੁੜੀਆਂ ਅੰਮ੍ਰਿਤਸਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਕੀਤੀ ਜਾਵੇਗੀ। ਜੋਸ਼ ਤੇ ਜ਼ਜਬੇ ਨਾਲ ਭਰੀਆਂ ਇਹ ਦੋਵੇਂ ਕੁੜੀਆਂ ਚਾਹੁੰਦੀਆਂ ਹਨ ਕਿ ਅੱਜ ਦੇ ਸਮੇਂ ’ਚ ਕੁੜੀਆਂ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
ਸਾਇਕਲ ਯਾਤਰਾ ਦਾ ਮੁੱਖ ਉਦੇਸ਼ ਮਹਿਲਾ ਸਸ਼ਕਤੀਕਰਨ
ਕੁੜੀਆਂ ਨੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਮਹਿਲਾ ਸਸ਼ਕਤੀਕਰਨ ਹੈ, ਜੇਕਰ ਕੋਈ ਮਹਿਲਾ ਸਾਇਕਲ ’ਤੇ ਸੁਰੱਖਿਅਤ ਹੈ ਤਾਂ ਉਹ ਪੂਰੀ ਦੁਨੀਆ ’ਚ ਸੁਰੱਖਿਅਤ ਹੈ। ਇਸੇ ਦਾ ਸੰਦੇਸ਼ ਲੈ ਕੇ ਉਹ ਸਾਈਕਲ ਯਾਤਰਾ ਤੇ ਨਿਕਲੀਆ ਸਨ। ਕੁੜੀਆਂ ਨੇ ਇਹ ਵੀ ਕਿਹਾ ਕਿ ਅੱਜ ਦੇ ਸਮੇਂ ’ਚ ਕੁੜੀਆਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਣਨ ਦੀ ਲੋੜ ਹੈ।
8 ਰਾਜਾਂ ਨੂੰ ਤੇ ਇਕ ਦੇਸ਼ ਨੂੰ ਕਵਰ ਕਰਨਗੀਆਂ ਕੁੜੀਆਂ
ਇਸ ਸਾਇਕਲ ਯਾਤਰਾ ’ਚ ਕੁੜੀਆ 8 ਰਾਜਾਂ ਅਤੇ ਇਕ ਦੇਸ਼ ਨੂੰ ਕਵਰ ਕਰਨਗੀਆਂ ਅਤੇ ਦੋਵੇਂ ਕੁੜੀਆਂ ਹਰ ਦਿਨ 80 ਕਿਲੋਮੀਟਰ ਦੀ ਯਾਤਰਾ ਕਰਨਗੀਆਂ। ਇਸ ਦੌਰਾਨ ਉਹ ਲੋਕਾਂ ਨੂੰ ਪਾਣੀ ਨੂੰ ਸਾਫ ਰੱਖਣ ਦਾ ਸੁਨੇਹਾ ਦੇਣਗੀਆਂ।
ਬੀ.ਐੱਸ.ਐੱਫ. ਦਾ ਮਿਲ ਰਿਹਾ ਕੁੜੀਆਂ ਨੂੰ ਸਮਰਥਨ
ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਯਾਤਰਾ ’ਚ ਬੀ.ਐੱਸ.ਐੱਫ. ਵੱਲੋਂ ਪੂਰਾ ਸਮਰਥਨ ਮਿਲ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਉਮੀਦ ਕੀਤੀ ਹੈ ਕਿ ਹਰ ਰਾਜ ਦੀ ਸਰਕਾਰ ਵੱਲੋਂ ਇਸ ਤਰ੍ਹਾਂ ਹੀ ਉਨ੍ਹਾਂ ਨੂੰ ਸਮਰਥਨ ਮਿਲੇਗਾ।