ਅੰਮ੍ਰਿਤਸਰ : ਕੁੱਝ ਦਿਨ ਪਹਿਲਾ ਹੀ ਇੱਕ ਬਾਬੇ ਦੀ ਅਸ਼ਲੀਲ ਹਰਕਤਾਂ ਵਾਲੀ ਵੀਡਿਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ ਜਿਸ 'ਤੇ ਹਿੰਦੂ ਜਥੇਬੰਦੀਆਂ ਵੱਲੋਂ ਕਾਫ਼ੀ ਰੋਹ ਪ੍ਰਗਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆ ਕੇ ਉੱਕਤ ਬਾਬੇ ਵਿਰੁੱਧ ਕਾਰਵਾਈ ਕੀਤੀ ਸੀ।
ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਪੁਜਾਰੀ ਦੀਆਂ ਅਸ਼ਲੀਲ ਫੋਟੋਆਂ ਸੋਸ਼ਲ ਮੀਡਿਆ ਉੱਤੇ ਕਾਫ਼ੀ ਘੁੰਮ ਰਹੀਆਂ ਹਨ। ਇਸ ਪੁਜਾਰੀ ਦਾ ਹਿੰਦੂ ਜਥੇਬੰਦੀਆਂ ਵੱਲੋਂ ਕਾਫ਼ੀ ਵਿਰੋਧ ਕੀਤਾ ਜਾ ਰਿਹਾ ਹੈ।
ਸ਼ਿਵ ਸੈਨਾ ਸ਼ੇਰੇ ਹਿੰਦ ਦੇ ਰਾਸ਼ਟਰੀ ਇੰਚਾਰਜ ਤੇ ਪੰਜਾਬ ਪ੍ਰਧਾਨ ਕੋਸ਼ਲ ਕੁਮਾਰ ਸ਼ਰਮਾ, ਪੰਜਾਬ ਚੇਅਰਮੈਨ ਅਮਿਤ ਚੱਢਾ, ਬਜਰੰਗ ਦਲ ਹਿੰਦੁਸਤਾਨ ਦੇ ਪੰਜਾਬ ਪ੍ਰਧਾਨ ਵਿਵੇਕ ਅਰੋੜਾ ਉੱਤਰ ਭਾਰਤ ਇੰਚਾਰਜ, ਜਨਰਲ ਸਕੱਤਰ ਪੰਜਾਬ ਕਰਨ ਕੱਕੜ ਨੇ ਸਾਂਝੇ ਤੌਰ 'ਤੇ ਧਾਰਮਿਕ ਮੰਦਰ 'ਚ ਬੈਠ ਕੇ ਝਾੜੇ ਕਰਨ ਵਾਲੇ ਇੱਕ ਵਿਅਕਤੀ ਦੀ ਸੋਸ਼ਲ ਮੀਡਿਆਂ 'ਤੇ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਵਾਇਰਲ ਹੋਈਆਂ ਫੋਟੋਆਂ ਦਾ ਸਖ਼ਤ ਵਿਰੋਧ ਕਰਦਿਆਂ ਲਾਹੌਰੀ ਗੇਟ ਥਾਣੇ ਦੇ ਐੱਸਐੱਚਓ ਨੂੰ ਲਿੱਖਤੀ ਦਰਖ਼ਾਸਤ ਦੇ ਕੇ ਪਾਖੰਡੀ ਵਿਅਕਤੀ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਪਾਖੰਡੀ ਵਿਅਕਤੀ ਦੀ ਵਾਇਰਲ ਹੋਈਆਂ ਫੋਟੋਆਂ ਦੇ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਪਾਖੰਡੀ ਵਿਅਕਤੀ ਵੱਲੋਂ ਕੀਤੀ ਗਈ ਅਸ਼ਲੀਲ ਹਰਕਤ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ 24 ਘੰਟਿਆਂ ਦੇ ਅੰਦਰ ਪਾਖੰਡੀ ਵਿਅਕਤੀ ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਸ਼ਿਵ ਸੈਨਾ ਸ਼ੇਰੇ ਹਿੰਦ ਤੇ ਬਜਰੰਗ ਦਲ ਹਿੰਦੁਸਤਾਨ ਵੱਲੋਂ ਸਾਂਝੇ ਤੌਰ ਤੇ ਸੰਘਰਸ਼ ਕੀਤਾ ਜਾਵੇਗਾ।
ਥਾਣਾ ਲਾਹੌਰੀ ਗੇਟ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਕਿਹਾ ਕਿ ਸ਼ਿਵ ਸੈਨਿਕਾਂ ਵੱਲੋਂ ਵਿਅਕਤੀ ਵਿਰੁੱਧ ਜੋ ਦਰਖ਼ਾਸਤ ਦਿੱਤੀ ਗਈ ਹੈ, ਉਸ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਉੱਥੇ ਹੀ ਇਹ ਵੀ ਦੱਸਣਯੋਗ ਹੈ ਕਿ ਉਕਤ ਬਾਬੇ ਵੱਲੋਂ ਇੱਕ ਲਿਖਤੀ ਮਾਫ਼ੀਨਾਮਾ ਵੀ ਸੋਸ਼ਲ ਮੀਡੀਆ 'ਤੇ ਪਾਇਆ ਗਿਆ ਹੈ।