ਅੰਮ੍ਰਿਤਸਰ: ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਹਰਿਆਣਾ ਤੋਂ ਆਈ ਕੁੜੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰ ਵਿਚਾਲੇ ਬਹਿਸ ਹੋ ਰਹੀ ਹੈ। ਲੜਕੀ ਦੇ ਮੂੰਹ ਉੱਤੇ ਤਿੰਰਗੇ ਦਾ ਸਟਿੱਕਰ ਬਣਿਆ ਹੋਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰ ਨੇ ਉਸ ਨੂੰ ਅੰਦਰ ਜਾਣ ਤੋਂ ਰੋਕਿਆ। ਇਸ ਮਾਮਲੇ ਨੂੰ ਲੈ ਕੇ ਐੱਸਜੀਪੀਸੀ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਵਾਇਰਲ ਹੋ ਰਹੀ ਵੀਡੀਓ: ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਅੰਦਰ ਇੱਕ ਹਰਿਆਣਾ ਤੋਂ ਆਈ ਲੜਕੀ ਨੂੰ ਅੰਦਰ ਜਾਉਣ ਤੋਂ ਰੋਕ ਦਿੱਤਾ ਗਿਆ, ਕਿਉਂਕਿ ਉਸ ਦੇ ਮੂੰਹ ਉੱਪਰ ਤਿਰੰਗਾ ਝੰਡਾ ਬਣਿਆ ਹੋਇਆ ਸੀ। ਇਸ ਦੇ ਚੱਲਦੇ ਦਰਬਾਰ ਸਾਹਿਬ ਦੇ ਸੇਵਾਦਾਰ ਵਲੋਂ ਉਸ ਲੜਕੀ ਨੂੰ ਅੰਦਰ ਜਾਣ ਤੋਂ ਰੋਕਦੇ ਹੋਏ, ਗੁੱਸੇ ਵਿੱਚ ਬਹਿਸਬਾਜ਼ੀ ਕਰਦੇ ਨਜ਼ਰ ਆਏ। ਇਸ ਦੀ ਵੀਡਿਓ ਟਵਿੱਟਰ ਉੱਤੇ ਪਾਈ ਗਈ ਹੈ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ।
ਜੇਕਰ ਕਿਸੇ ਨੂੰ ਠੇਸ ਪਹੁੰਚੀ ਤਾਂ ਮਾਫੀ ਮੰਗਦੇ ਹਾਂ, ਪਰ...: ਐਸਜੀਪੀਸੀ ਅਧਿਕਾਰੀ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ, ਤਾਂ ਅਸੀਂ ਉਸ ਕੋਲੋ ਮਾਫ਼ੀ ਮੰਗਦੇ ਹਾਂ। ਸੇਵਾਦਾਰ ਵਲੋਂ ਉਸ ਨੂੰ ਕਿਹਾ ਜਾ ਰਿਹਾ ਹੈ ਇਹ ਇੰਡੀਆ ਨਹੀਂ, ਇਹ ਪੰਜਾਬ ਹੈ। ਪਰ, ਉੱਥੇ ਹੀ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਇਹ ਬੜੇ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਲੋਕ ਟਵੀਟ ਕਰ ਰਹੇ ਹਨ ਅਤੇ ਬਹੁਤ ਹੀ ਗ਼ਲਤ ਕੁਮੈਂਟ ਕਰ ਰਹੇ। ਇੱਥੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਸਰਧਾਲੂ ਆਉਂਦੇ ਹਨ। ਉਹ ਉਨ੍ਹਾਂ ਦਾ ਮਾਨ ਸਨਮਾਨ ਕਰਦੇ ਹਨ। ਸਿੱਖਾਂ ਨੇ ਦੇਸ਼ ਦੀ ਅਜਾਦੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਪਰ ਫ਼ਿਰ ਵੀ ਹਰ ਵਾਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਇਸ ਤਿਰੰਗੇ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ: ਐਸਜੀਪੀਸੀ ਅਧਿਕਾਰੀ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਦਰਬਾਰ ਸਾਹਿਬ ਆ ਕੇ ਕੁੱਝ ਸ਼ਰਾਰਤੀ ਲੋਕਾਂ ਨੇ ਇਸ ਤਰਾਂ ਦੇ ਕੰਮ ਕੀਤੇ ਕਿ ਜੋ ਮਰਿਯਾਦਾ ਅਨੁਸਾਰ ਨਹੀਂ ਹਨ। ਹਾਲ ਹੀ ਵਿੱਚ, ਇੱਕ ਬੰਦਾ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ। ਇਸ਼ਨਾਨ ਕਰਨ ਤੋਂ ਬਾਅਦ ਇੱਕ ਟੀ ਸ਼ਰਟ ਪਾਉਂਦਾ ਹੈ ਜਿਸ ਉੱਤੇ ਜਿਹੜੀ ਫੋਟੋ ਸੀ, ਉਹ ਹਜ਼ਾਰਾਂ ਲੋਕਾਂ ਦੇ ਕਾਤਿਲ ਜਗਦੀਸ਼ ਟਾਇਟਲਰ ਦੀ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਧਾਲੂ ਦੇ ਮਨ ਨੂੰ ਠੇਸ ਪਹੁੰਚੀ ਹੈ, ਮੈਂ ਉਸ ਗੱਲ ਦੀ ਮਾਫੀ ਮੰਗਦਾ ਹੈ, ਪਰ ਇਸ ਤਿਰੰਗੇ ਲਈ ਸੱਭ ਤੋਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। ਇਸ ਬਾਰੇ ਕੋਈ ਗੱਲ ਨਹੀਂ ਕਰਦਾ। ਖ਼ਾਲਿਸਤਾਨ ਦਾ ਨਾਂ ਲੈ ਕੇ ਸਿੱਖਾਂ ਨੂੰ ਭੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਵਿੱਟਰ ਉੱਤੇ ਇਹ ਵੀਡਿਓ ਪਾਉਣ ਦੀ ਮਨਸ਼ਾ ਕਿ ਹੈ। ਇਸ ਬਾਰੇ ਮੈ ਕੁਝ ਨਹੀਂ ਕਹਿ ਸਕਦਾ।
ਇਹ ਵੀ ਪੜ੍ਹੋ: ਸ਼ਿਕਾਇਤ ਉੱਤੇ ਪਟਿਆਲਾ ਪੁਲਿਸ ਨੇ ਮਾਮਲਾ ਕੀਤਾ ਦਰਜ, ਨਵਜੋਤ ਸਿੱਧੂ ਨੇ ਘਰ ਵਿੱਚ ਸ਼ੱਕੀ ਵਿਅਕਤੀ ਹੋਣ ਸਬੰਧੀ ਕੀਤਾ ਸੀ ਟਵੀਟ