ਅੰਮ੍ਰਿਤਸਰ: ਪਿਛਲੇ 14 ਮਹੀਨੇ ਤੋਂ ਜਲ੍ਹਿਆਂਵਾਲੇ ਬਾਗ ਨੂੰ ਨਵੀਨੀਕਰਨ ਦੇ ਨਾਂ 'ਤੇ ਬੰਦ ਕਰ ਦਿੱਤਾ ਗਿਆ ਸੀ ਤੇ ਪਿਛਲੇ ਕੁੱਝ ਦਿਨਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਦਾ ਵਰਚੁਅਲ ਉਦਘਾਟਨ ਕੀਤਾ ਗਿਆ ਸੀ। ਜਿਸ ਦਿਨ ਤੋਂ ਇਸ ਦਾ ਉਦਘਾਟਨ ਕੀਤਾ ਗਿਆ ਹੈ। ਉਸ ਦਿਨ ਤੋਂ ਹੀ ਜਲ੍ਹਿਆਂਵਾਲਾ ਬਾਗ ਵਿਵਾਦਾਂ ਵਿੱਚ ਘਿਰਿਆ ਨਜ਼ਰ ਆ ਰਿਹਾ ਹੈ। ਇਸ ਨੂੰ ਲੈਕੇ ਸਿਆਸਤਦਾਨਾਂ ਵਲੋਂ ਇੱਕ ਦੂਸਰੇ 'ਤੇ ਸਿਆਸੀ ਪ੍ਰਤੀਕਿਰਿਆ ਵੀ ਦਿੱਤੀ ਜਾ ਰਹੀ ਹੈ। ਪਰ ਇਥੇ ਇਹ ਵੀ ਦੇਖਣਯੋਗ ਹੈ ਕਿ ਸ਼ਹੀਦਾਂ ਦੇ ਨਾਮ 'ਤੇ ਸਿਆਸਤ ਕਿਉਂ ਕੀਤੀ ਜਾ ਰਹੀ ਹੈ।
ਉਥੇ ਹੀ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਅੰਮ੍ਰਿਤਸਰ ਦੇ ਟਾਊਨ ਹਾਲ ਤੋਂ ਲੈ ਕੇ ਜਲ੍ਹਿਆਂਵਾਲਾ ਬਾਗ ਵਿੱਚ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਰੋਸ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜਾ ਸਰਕਾਰ ਵੱਲੋਂ ਨਵੀਨੀਕਰਨ ਕੀਤਾ ਗਿਆ, ਉਸ 'ਚ ਨਵੀਨੀਕਰਨ ਦੇ ਨਾਂ ਤੇ ਸ਼ਹੀਦ ਪਰਿਵਾਰਾਂ ਨਾਲ ਧੋਖਾ ਕੀਤਾ ਗਿਆ ਹੈ।
ਸ਼ਹੀਦ ਪਰਿਵਾਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਨਵੀਨੀਕਰਨ ਦੇ ਨਾਂ ਤੇ ਸਾਡੇ ਨਾਲ ਧੋਖਾ ਕੀਤਾ ਹੈ। ਜਿਸ ਦੇ ਚੱਲਦੇ ਅਸੀਂ ਟਾਊਨ ਹਾਲ ਤੋਂ ਜਲ੍ਹਿਆਂਵਾਲਾ ਬਾਗ ਤੱਕ ਜਾ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਸ਼ਹੀਦੀ ਸਥਲ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਸ਼ਹੀਦ ਪਰਿਵਾਰਾਂ ਨੇ ਕਿਹਾ ਕਿ ਸਾਡੇ ਵੱਲੋਂ 5 ਮੈਂਬਰੀ ਕਮੇਟੀ ਬਣਾ ਕੇ ਗਿਆਰਾਂ ਏਜੰਡੀ ਫਾਰਮੂਲਾ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ। ਜਿਸ ਵਿੱਚ ਪਹਿਲਾਂ 'ਤੇ ਜਲ੍ਹਿਆਂਵਾਲੇ ਬਾਗ ਦੇ ਅੰਦਰ ਦਾਖ਼ਲ ਹੁੰਦਿਆਂ, ਕੰਕਰੀਟ ਗਲੀ ਨੂੰ ਲੈ ਕੇ ਉਸ ਤੋਂ ਬਾਅਦ ਸ਼ਹੀਦਾਂ ਦਾ ਖੂਹ, ਅਮਰਜੋਤ, 'ਤੇ ਸ਼ਹੀਦਾਂ ਦੀ ਫੋਟੋ ਗੈਲਰੀ ਫੋਟੋ ਵਿੱਚੋ ਗਾਇਬ ਹਨ।
ਉਨ੍ਹਾਂ ਕਿਹਾ ਕਿ ਜਿਹੜਾ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਹੈ। ਉਹ ਸ਼ਹੀਦਾਂ ਨਾਲ ਬੇਹੱਦ ਭੱਦਾ ਮਜ਼ਾਕ ਹੈ। ਇਸ ਨੂੰ ਬੰਦ ਕੀਤਾ ਜਾਵੇ। ਉੱਥੇ ਹੀ ਜਲ੍ਹਿਆਂਵਾਲੇ ਬਾਗ਼ ਨੂੰ ਵੇਖਣ ਆਏ ਲੋਕਾਂ ਦਾ ਕਹਿਣਾ ਸੀ। ਅਸੀ ਸ਼ਹੀਦਾਂ ਨੂੰ ਨਮਨ ਕਰਨ ਆਏ ਹਾਂ। ਪਰ ਇੱਥੇ ਨਵੀਨੀਕਰਨ ਦੇ ਨਾਂ 'ਤੇ ਸਰਕਾਰ ਨੇ ਸ਼ਹੀਦਾਂ ਦੇ ਨਾਲ ਧੋਖਾ ਕੀਤਾ ਹੈ, ਜੋ ਸਰਾਸਰ ਗ਼ਲਤ ਹੈ।
ਇਹ ਵੀ ਪੜ੍ਹੋ:- ਹਰਿਮੰਦਰ ਸਾਹਿਬ ਦੇ ਮੁੜ ਹੋਣਗੇ ਇਲਾਹੀ ਦਰਸ਼ਨ, ਫੁੱਲਾਂ ਨਾਲ ਸੱਜੇਗਾ ਸ੍ਰੀ ਦਰਬਾਰ ਸਾਹਿਬ