ਅਜਨਾਲਾ: ਜਦੋਂ ਹੀ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਹੁੰਦਾ ਹੈ, ਉਦੋਂ ਹੀ ਪੰਜਾਬ 'ਚ ਬੇਅਦਬੀਆਂ ਦੇ ਮਾਮਲੇ ਵੱਧਦੇ ਜਾਂਦੇ ਹਨ, ਹੁਣ ਵੀ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਹੈ ਅਤੇ ਪੰਜਾਬ ਵਿੱਚ ਆਏ ਦਿਨ ਹੀ ਬੇਅਦਬੀ ਦੇ ਮਾਮਲੇ ਵਧਦੇ ਜਾ ਰਹੇ ਹਨ।
ਅਜਨਾਲਾ ਦੇ ਪਿੰਡ ਭੱਗੂਪੁਰ ਦੇ ਗੁਰਦੁਆਰਾ ਨਾਨਕਸਰ 'ਚ ਬੇਅਦਬੀ ਕਰਨ ਵਾਲੇ ਆਰੋਪੀ ਨੂੰ ਅਦਾਲਤ ਵੱਲੋਂ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ ਅਤੇ ਪੁਲਿਸ ਸਖ਼ਤੀ ਨਾਲ ਪੁੱਛਗਿੱਛ ਕਰੇਗੀ ਤਾਂ ਜੋ ਪਤਾ ਲੱਗ ਸਕੇ ਕਿ ਇਸ ਘਟਨਾ ਪਿੱਛੇ ਕਿਹੜੇ ਲੋਕ ਹਨ।
ਦੱਸ ਦਈਏ ਕਿ ਇਸ ਆਰੋਪੀ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਇਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਨ ਦੀ ਸੰਭਾਵਨਾ ਹੈ। ਇਸ ਮੌਕੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਹੈ।
ਪੂਰਾ ਮਾਮਲਾ ਕੀ ਹੈ ?
ਦੱਸ ਦਈਏ ਕਿ ਜਸਤਰਵਾਲ ਭੱਗੂਪੁਰ ਦਾ ਗੁਰਦੁਆਰਾ ਨਾਨਕਸਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਚ ਗ੍ਰੰਥੀ ਸਿੰਘ ਕੁੱਝ ਸਮੇਂ ਲਈ ਬਾਹਰ ਗਿਆ ਅਤੇ ਆਰੋਪੀ ਗੁਰਦੁਆਰਾ ਸਾਹਿਬ ਦੇ ਅੰਦਰ ਆਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੁੱਕ ਕੇ ਨਜ਼ਦੀਕ ਮੇਜ਼ 'ਤੇ ਰੱਖ ਦਿੱਤਾ।
ਉਨ੍ਹਾਂ ਅੱਗੇ ਕਿਹਾ ਕਿ 2009 ਤੋਂ ਬੇਅਦਬੀਆਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨੂੰ ਨਸ਼ੇ ਦੀ ਡੋਜ਼ ਦੇ ਕੇ ਪੰਜਾਬ ਦੀ ਧਰਤੀ ਤੇ ਭੇਜਿਆ ਜਾਂਦਾ ਹੈ। ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾ ਕੋਈ ਸੇਵਕ ਜਾਂ ਪ੍ਰਬੰਧਕ ਮੈਂਬਰ ਨਹੀਂ ਹੁੰਦਾ ਤਾਂ ਇਹ ਇਵੇਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਭਾਈ ਅਮਰੀਕ ਸਿੰਘ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਪਹਿਰੇਦਾਰੀ ਚੌਕਸੀ ਨਾਲ ਕਰਨੀ ਚਾਹੀਦੀ ਹੈ।
ਇਹ ਵੀ ਪੜੋ:- ਅਜਨਾਲਾ ਬੇਅਦਬੀ ਮਾਮਲਾ: ਵਿਅਕਤੀ ਨੂੰ ਸਹੀ ਸਲਾਮਤ ਪੁਲਿਸ ਨੇ ਆਪਣੇ ਕਬਜ਼ੇ 'ਚ ਲਿਆ