ਅੰਮ੍ਰਿਤਸਰ: ਹਰਿਆਣਾ ਵਿਧਾਨ ਸਭਾ ਚੋਣ ਸਮਝੌਤੇ ਅਤੇ ਸੀਟਾਂ ਦੀ ਵੰਡ ਲਈ ਗੱਲਬਾਤ ਟੁੱਟ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੇ ਮਰਿਆਦਾ ਤੋੜੀ ਹੈ। ਅਕਾਲੀ ਦਲ ਨੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਵੀ ਪਏਗਾ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਬੀਜੇਪੀ ਨਾਲ ਰਲ ਕੇ ਚੋਣ ਲੜਨਾ ਚਾਹੁੰਦਾ ਸੀ, ਪਰ ਭਾਈਵਾਲ ਪਾਰਟੀ ਨੇ ਇਸ 'ਤੇ ਬਹੁਤਾ ਧਿਆਨ ਨਹੀਂ ਦਿੱਤਾ। ਇਸ ਲਈ ਅਕਾਲੀ ਦਲ ਨੇ ਵੀਰਵਾਰ ਨੂੰ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾ ਕੇ ਇਕੱਲਿਆਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਅਕਾਲੀ ਦਲ ਨੇ ਪਹਿਲੀ ਵਾਰ ਬੀਜੇਪੀ ਲਈ ਸਖਤ ਸ਼ਬਦਾਂ ਵੀ ਵਰਤੋਂ ਕਰਦਿਆਂ ਗਠਜੋੜ ਧਰਮ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਹਰਿਆਣਾ ਬੀਜੇਪੀ ਵੱਲੋਂ ਇੱਕਲੌਤੇ ਅਕਾਲੀ ਵਿਧਾਇਕ ਬਲਕੌਰ ਸਿੰਘ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਨਾਰਾਜ਼ਗੀ ਵਜੋਂ ਲਿਆ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਸਿਆਸੀ ਤਾਕਤ ਦੀ ਵਰਤੋਂ ਕਰਦਿਆਂ ਬੀਜੇਪੀ ਨੇ ਅਕਾਲੀ ਵਿਧਾਇਕ ਬਲਕੌਰ ਸਿੰਘ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਇਸ ਦੀ ਕੋਰ ਕਮੇਟੀ ਵੱਲ਼ੋਂ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ। ਅਕਾਲੀ ਦਲ ਨੇ ਇਸ ਕਾਰਵਾਈ ਨੂੰ ਗਠਜੋੜ ਧਰਮ ਦੇ ਸਿਧਾਂਤ ਦੇ ਖਿਲਾਫ਼ ਕਰਾਰ ਦਿੱਤਾ ਹੈ।
ਦੂਜੇ ਪਾਸੇ ਸੂਬਾ ਸਰਕਾਰ 'ਤੇ ਨਿਸ਼ਾਨਾ ਵਿਨ੍ਹਦੇ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ 'ਚ ਸਰਕਾਰ ਨਾਅ ਦੀ ਕੋਈ ਚੀਜ਼ ਨਹੀ ਹੈ। ਸਾਰੇ ਪਾਸੇ ਨਸ਼ੇ ਦਾ ਬੋਲ ਬਾਲਾ ਹੈ, ਕੈਪਟਨ ਵੱਲੋਂ ਸਰਕਾਰ ਅਕਾਲੀ ਸਰਕਾਰ ਦੇ ਉੱਪਰ ਇਲਜ਼ਾਮ ਲੱਗਦਾ ਸੀ।