ਅੰਮ੍ਰਿਤਸਰ: ਪੰਜਾਬ ਅੰਦਰ ਲੋਹੜੀ ਦੇ ਤਿਉਹਾਰ ਮੌਕੇ ਪਤੰਗਬਾਜ਼ੀ ਦੇ ਸ਼ੌਕੀਨ ਲੋਕ ਬੜੇ ਉਤਸ਼ਾਹ ਨਾਲ ਆਪਣੇ ਸ਼ੌਂਕ ਨੂੰ ਪਤੰਗ ਅੰਬਰਾਂ ਉੱਤੇ ਚੜ੍ਹਾ ਕੇ ਪੂਰਾ ਕਰਦੇ ਹਨ, ਪਰ ਬੀਤੇ ਕੁਝ ਸਾਲਾਂ ਤੋਂ ਪਤੰਗਬਾਜ਼ੀ ਦੇ ਸ਼ੌਕੀਨ ਕੁਝ ਲੋਕਾਂ ਵੱਲੋਂ ਚਾਈਨਾ ਡੋਰ ਦੀ ਵਰਤੋਂ ਕੀਤੇ ਜਾਣ ਕਰਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਨੂੰ ਗ਼ਮ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਜਿਸ ਦਾ ਕਾਰਣ ਹੈ ਕਿ ਚਾਈਨਾ ਡੋਰ ਦੀ ਵਰਤੋਂ।
ਘਾਤਕ ਧਾਗੇ ਦੀ ਵਰਤੋਂ: ਚਾਈਨਾ ਡੋਰ ਦੀ ਵਰਤੋਂ ਇਨਸਾਨਾਂ ਅਤੇ ਪੰਛੀਆਂ ਦੇ ਜ਼ਖ਼ਮੀ ਹੋਣ ਤੋਂ ਇਲਾਵਾ ਕਈ ਵਾਰ ਜਾਨ ਚਲੇ ਜਾਣ ਦਾ ਵੀ ਕਾਰਣ ਬਣੀ ਹੈ। ਅਜਿਹੇ ਘਾਤਕ ਧਾਗੇ ਦੀ ਵਰਤੋਂ ਕਰਕੇ ਕੁਝ ਲੋਕ ਆਪਣਾ ਪਤੰਗਾਂ ਉਡਾਉਣ ਦਾ ਸ਼ੌਂਕ ਤਾਂ ਜ਼ਰੂਰ ਪੂਰਾ ਕਰ ਰਹੇ ਹਨ, ਪਰ ਇਸ ਨਾਲ ਹੋਣ ਵਾਲੇ ਨੁਕਸਾਨਾਂ ਤੋ ਜਾਣੂ ਹੋਣ ਦੇ ਬਾਵਜੂਦ ਵੀ ਇਸਦੀ ਵਰਤੋਂ ਕਰਨ ਵਾਲੇ ਲੋਕ ਸ਼ਾਇਦ ਇਸ ਤਿਉਹਾਰ ਵਲੋਂ ਦਿੱਤੇ ਜਾਂਦੇ ਪਿਆਰ ਦੇ ਸੁਨੇਹੇ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਵੀ ਭੁੱਲਾ ਰਹੇ ਹਨ। ਬੇਸ਼ੱਕ ਚਾਈਨਾ ਡੋਰ ਨਾਲ ਹੋ ਰਹੇ ਵੱਡੇ ਨੁਕਸਾਨਾਂ ਨੂੰ ਵੇਖਦਿਆਂ ਸਰਕਾਰਾਂ ਤੇ ਪੁਲਿਸ ਨੇ ਸਖਤੀ ਵਾਲਾ ਰੁੱਖ ਆਪਣਾ ਲਿਆ ਹੈ । ਇਸਨੂੰ ਵੇਚਣ ਵਾਲਿਆਂ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ ਪਰ ਜਿਹਨਾ ਧਾਰਾਵਾਂ ਚ ਮਾਮਲੇ ਦਰਜ ਕੀਤੇ ਜਾ ਰਹੇ ਹਨ। ਓਹ ਧਾਰਾਵਾਂ ਜਿਆਦਾ ਸਖ਼ਤ ਨਾ ਹੋਣ ਕਾਰਨ ਇਸ ਡੋਰ ਨੂੰ ਵੇਚਣ ਵਾਲੇ ਆਪਣੀ ਜਮਾਨਤ ਕਰਵਾ ਘਰ ਆ ਜਾਂਦੇ ਹਨ।
ਰਵਾਇਤੀ ਡੋਰ ਨਾਲ ਜੁੜੇ ਨੌਜਵਾਨ: ਅੰਮ੍ਰਿਤਸਰ ਵਿੱਚ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਹੋਣ ਤੋਂ ਬਾਅਦ ਬੱਚੇ ਅਤੇ ਨੌਜਵਾਨ ਇਸ ਖੂਨੀ ਡੋਰ ਤੋਂ ਤੌਬਾ ਕਰਦਿਆਂ ਰਵਾਇਤੀ ਡੋਰ ਨਾਲ ਪਤੰਗਬਾਜ਼ੀ ਕਰਨ ਦੀ ਗੱਲ ਕਹਿ ਰਹੇ ਹਨ। ਇਸ ਤੋਂ ਇਲਾਵਾ ਪਤੰਗ ਵੇਚਣ ਵਾਲੇ ਦੁਕਾਨਦਾਰ ਵੀ ਧਾਗੇ ਦੀ ਡੋਰ ਵਾਲੀਆਂ ਚੜਖੜੀਆਂ ਵੇਚ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਮਹਿੰਗੀ ਹੋਣ ਕਾਰਣ ਬੇਸ਼ੱਕ ਘੱਟ ਵਿਕ ਰਹੀਆਂ ਹਨ, ਪਰ ਲੋਕਾਂ ਦਾ ਝੁਕਾਅ ਇਸ ਵੱਲ ਹੋਣਾ ਸ਼ੁਰੂ ਹੋ ਗਿਆ ਹੈ।
ਵੱਖ ਵੱਖ ਡਿਜ਼ਾਇਨ: ਪਤੰਗਾਂ ਦੇ ਦੁਕਾਨਦਾਰ ਬਲਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਬਹੁਤ ਲੰਬੇ ਸਮੇਂ ਤੋਂ ਪਤੰਗ ਅਤੇ ਡੋਰ ਵੇਚ ਰਹੇ ਹਨ। ਇਸ ਦੌਰਾਨ ਸਮੇਂ ਸਮੇਂ ਉੱਤੇ ਫੈਸ਼ਨ ਤੌਰ ਉੱਤੇ ਪਤੰਗਾਂ ਦੇ ਵੱਖ ਵੱਖ ਡਿਜ਼ਾਇਨ ਆਉਂਦੇ ਰਹਿੰਦੇ ਹਨ, ਜਿਸ ਵਿੱਚ ਪਹਿਲਾਂ ਕੈਨੇਡਾ ਦੀ ਤਸਵੀਰ ਵਾਲੀ ਪਤੰਗ ਮਸ਼ਹੂਰ ਸੀ ਅਤੇ ਇਸ ਵਾਰ ਸਿੱਧੂ ਮੂਸੇਵਾਲ ਦੀ ਤਸਵੀਰ ਵਾਲੀ ਪਤੰਗ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਭਾਰਤੀ ਧਾਗੇ ਨਾਲੋਂ ਚਾਈਨਾ ਡੋਰ ਸਸਤੀ ਹੋਣ ਕਾਰਨ ਲੋਕਾਂ ਵਿਚ ਇਸਦੀ ਮੰਗ ਵਧੇਰੇ ਰਹਿੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਛੀਆਂ ਅਤੇ ਇਨਸਾਨਾਂ ਲਈ ਘਾਤਕ ਚਾਈਨਾ ਡੋਰ ਨੂੰ ਨਾ ਵਰਤਣਾ ।
ਇਹ ਵੀ ਪੜ੍ਹੋ: ਭਾਰਤ ਜੋੜੋ ਯਾਤਰਾ ਵਿੱਚ ਪਹੁੰਚੀਆਂ ਔਰਤਾਂ ਦਾ ਰਾਹੁਲ ਲਈ ਸਵਾਲ, ਕਿਉਂ ਨਹੀਂ ਕਰਵਾ ਰਹੇ ਵਿਆਹ ?
ਪੁਲਿਸ ਵੱਲੋਂ ਸਖ਼ਤੀ: ਐਸ ਐਚ ਓ ਜੰਡਿਆਲਾ ਮੁਖਤਿਆਰ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਜੋ ਕਿ ਘਾਤਕ ਹੈ ਅਤੇ ਇਸ ਲਈ ਦੁਕਾਨਾਂ ਉੱਤੇ ਵੀ ਤਲਾਸ਼ੀ ਅਭਿਆਨ ਤਹਿਤ ਗੱਟੂ ਬਰਾਮਦ ਹੋਣ ਉੱਤੇ ਮਾਮਲੇ ਦਰਜ ਕੀਤੇ ਹਨ। ਜਿਸ ਤੋਂ ਬਾਅਦ ਪੁਲਿਸ ਵਲੋਂ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਬੱਚਿਆਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਅਜਿਹੀ ਘਾਤਕ ਡੋਰ ਨਾ ਖਰੀਦ ਕੇ ਦੇਣ ਤਾਂ ਜੋ ਵਿੱਕਰੀ ਘਟਣ ਦੇ ਨਾਲ ਇਹ ਆਉਣੀ ਵੀ ਬੰਦ ਹੋ ਜਾਵੇ।