ਅੰਮ੍ਰਿਤਸਰ: ਬੀਤੀ ਰਾਤ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਨੇੜਿਓਂ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਸਰਗਰਮ ਕਾਰਕੁੰਨ ਨੂੰ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਫੜ੍ਹੇ ਗਏ ਆਕਾਸ਼ਦੀਪ ਦੇ ਸਾਥੀ ਸਾਜਨਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ।
ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਉਸ ਨੂੰ ਅੰਮ੍ਰਿਤਸਰ ਵਿੱਚ ਡਿਊਟੀ ਮੈਜਿਸਟਰੇਟ ਦਵਿੰਦਰ ਸਿੰਘ ਜੇਐੱਮਆਈਸੀ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਸਾਜਨਪ੍ਰੀਤ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਹੁਣ ਸਾਜਨਪ੍ਰੀਤ ਨੂੰ 7 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਸਾਜਨਪ੍ਰੀਤ ਆਕਾਸ਼ਦੀਪ ਦਾ ਕਰੀਬੀ ਸਾਥੀ ਹੈ। ਪੁਲਿਸ ਦੇ ਸੂਤਰਾਂ ਮੁਤਾਬਿਕ ਤਾਂ ਆਕਾਸ਼ਦੀਪ ਵੱਲੋਂ ਜੋ 2 ਡਰੋਨ ਨਸ਼ਟ ਕੀਤੇ ਗਏ ਸੀ, ਉਨ੍ਹਾਂ ਦੇ ਪਿੱਛੇ ਸਾਜਨਪ੍ਰੀਤ ਦਾ ਵੀ ਹੱਥ ਸੀ, ਜਿਸ ਨੇ ਪਾਕਿਸਤਾਨ ਤੋਂ ਹਥਿਆਰ ਲੈ ਕੇ ਆਏ ਡਰੋਨ, ਜੋ ਭਾਰਤ ਦੇ ਖੇਤਰ ਵਿੱਚ ਕਰੈਸ਼ ਹੋ ਗਏ ਸਨ, ਦੇ ਰਹਿੰਦੇ ਪੁਰਜ਼ਿਆਂ ਨੂੰ ਨਸ਼ਟ ਕੀਤਾ ਸੀ।
ਹੁਣ ਪੁਲਿਸ ਸਾਜਨਪ੍ਰੀਤ ਦਾ ਪਿਛਲਾ ਸਾਰੇ ਰਿਕਾਰਡ ਦੀ ਪੜਤਾਲ ਵਿੱਚ ਲੱਗੀ ਹੋਈ ਹੈ। ਆਕਾਸ਼ਦੀਪ ਤੇ ਉਸ ਦੇ ਸਾਥੀਆਂ ਨੂੰ ਭਲਕੇ 3 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਦ ਕਿ ਸਾਜਨਪ੍ਰੀਤ ਨੂੰ 7 ਅਕਤੂਬਰ ਨੂੰ ਪੇਸ਼ ਕੀਤਾ ਜਾਵੇਗਾ। ਪੁਲਿਸ ਮਾਮਲੇ ਦੀ ਅਗਲੀ ਕਾਰਵਾਈ ਵਿੱਚ ਲੱਗ ਗਈ ਹੈ।