ਅੰਮ੍ਰਿਤਸਰ: ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਸਰਕਾਰ ਨੇ ਕਈ ਤਰ੍ਹਾਂ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਪ੍ਰਸ਼ਾਸਨਿਕ ਅਮਲਾ ਵਾਰ-ਵਾਰ ਕਹਿ ਕੇ ਥੱਕ ਗਿਆ ਕਿ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਪਰ ਇਸ ਦਾ ਲੋਕਾਂ 'ਤੇ ਕੋਈ ਅਸਰ ਨਹੀਂ ਹੈ।
ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਅਜਿਹਾ ਹੀ ਦ੍ਰਿਸ਼ ਵੇਖਣ ਨੂੰ ਮਿਲਿਆ ਜਿੱਥੇ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਮੈਡੀਕਲ ਜਾਂਚ ਕਰਵਾਉਣ ਆਏ ਸੀ। ਮੈਡੀਕਲ ਜਾਂਚ ਕਰਵਾਉਣ ਆਏ ਪ੍ਰਵਾਸੀ ਮਜ਼ਦੂਰਾਂ ਦੀ ਹਸਪਤਾਲ ਵਿੱਚ ਭਾਰੀ ਭੀੜ ਜੁੱਟ ਗਈ ਕਿ ਸਮਾਜਿਕ ਦੂਰੀ ਕਿਤੇ ਨਜ਼ਰ ਨਾ ਆਈ।
ਦਰਅਸਲ ਆਪਣੇ ਸੂਬੇ ਵਿੱਚ ਵਾਪਸ ਜਾਣ ਤੋਂ ਪਹਿਲਾਂ ਸਾਰੇ ਪਰਵਾਸੀਆਂ ਲਈ ਮੈਡੀਕਲ ਜਾਂਚ ਜ਼ਰੂਰੀ ਹੈ, ਜਿਸ ਕਰਕੇ ਇਹ ਇੱਥੇ ਇਕੱਠੇ ਹੋਏ ਸਨ ਪਰ ਭੀੜ ਇੰਨੀ ਕਿ ਇੱਕ-ਦੂਜੇ 'ਤੇ ਚੜ ਰਹੇ ਸਨ ਜੋ ਕਿ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ ਰਿਹਾ ਹੈ। ਹਾਲਾਂਕਿ ਪੁਲਿਸ ਮੌਕੇ 'ਤੇ ਪਹੁੰਚੀ ਪਰ ਬੇਵੱਸ ਦਿਖਾਈ ਦਿੱਤੀ।
ਇਹ ਵੀ ਪੜੋ: ਕੋਰੋਨਾ ਸੰਕਟ: ਢਾਲ ਬਣ ਖੜ੍ਹੀਆਂ ਮਹਿਲਾਵਾਂ, ਹਰ ਸ਼ਖ਼ਸ ਤੱਕ ਮਾਸਕ ਬਣਾ ਕੇ ਪਹੁੰਚਾਉਣ ਦਾ ਟੀਚਾ
ਇਸ ਮੌਕੇ ਪਹੁੰਚੇ ਇੰਸਪੈਕਟਰ ਨੀਰਜ ਕੁਮਾਰ ਨੇ ਕਿਹਾ ਕਿ ਕਾਫੀ ਮੁਸ਼ਕਲ ਤੋਂ ਬਾਅਦ ਲੋਕ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਵਿੱਚ ਕਾਮਯਾਬ ਹੋਏ। ਇੰਸਪੈਕਟਰ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਇੱਥੇ ਡਾਕਟਰੀ ਕਰਵਾਉਣ ਲਈ ਆਏ ਸਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਪ੍ਰਵਾਸੀ ਮਜ਼ਦੂਰ ਨੇ ਕਿਹਾ ਕਿ ਉਹ ਆਪਣੇ ਪਿੰਡ ਜਾਣਾ ਚਾਹੁੰਦੇ ਹਨ, ਇਸ ਲਈ ਮੈਡੀਕਲ ਕਰਵਾਉਣ ਲਈ ਇੱਥੇ ਪਹੁੰਚੇ ਹਨ।