ਅੰਮ੍ਰਿਤਸਰ: ਸੂਬੇ ਵਿੱਚ ਵੱਧ ਰਹੇ ਅਪਰਾਧ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਅਤੇ ਜੋ ਅਪਰਾਧ ਕਰਕੇ ਪੁਲਿਸ ਦੀਆਂ ਨਜ਼ਰਾਂ ਤੋਂ ਬਚਦੇ ਹਨ, ਹੁਣ ਉਨ੍ਹਾਂ ਲਈ ਨਵੀਂ ਤਕਨੀਕ ਨਾਲ ਨਜ਼ਰ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਟੀਚਾ ਵੱਧ ਰਿਹਾ ਅਪਰਾਧ ਘਟ ਕਰਨਾ ਤੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਹੈ। ਇਸੇ ਤਹਿਤ ਹੁਣ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਅੰਮ੍ਰਿਤਸਰ ਸ਼ਹਿਰ ਵਿੱਚ ਹਾਈਟੈੱਕ ਕੈਮਰੇ ਲਗਾਏ ਜਾ ਰਹੇ ਹਨ। ਜਿਸਦੇ ਚੱਲਦਿਆਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਵੱਲੋ ਇਸ ਕੰਮ ਵਿੱਚ ਕਾਫੀ ਤੇਜ਼ੀ ਲਿਆਂਦੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਜ ਭਲਾਈ ਲਈ ਇਹ ਜਰੂਈ ਹੈ, ਉਥੇ ਹੀ ਇਸ ਕੰਟਰੋਲ ਰੂਮ ਦਾ ਦੌਰਾ ਕਰਨ ਲਈ ਅੰਮ੍ਰਿਤਸਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪਹੁੰਚੇ। ਉਨ੍ਹਾਂ ਨੇ ਮੀਡੀਆ ਨਾਲ ਗੱਲ ਬਾਤ ਕੀਤੀ। ਉਹਨਾਂ ਕਿਹਾ ਕਿ ਲਗਾਤਾਰ ਵੱਧ ਰਹੇ ਅਪਰਾਧ ਤੇ ਟਰੈਫਿਕ ਜਾਮ ਨੂੰ ਕੰਟਰੋਲ ਕਰਨ ਲਈ ਗੁਰੂ ਨਗਰੀ ਵਿੱਚ 1114 ਦੇ ਕਰੀਬ ਸ਼ਹਿਰ ਦੇ ਅੰਦਰ ਦਾਖਲ ਹੋਣ ਵਾਲੇ ਰਸਤੇ ਦਰਬਾਰ ਸਾਹਿਬ ਦੇ ਏਰੀਆ ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉਤੇ ਇਹ ਸਿਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਅਤੇ ਇਹ 15 ਅਗਸਤ 2023 ਨੂੰ ਸ਼ੁਰੂ ਕੀਤੇ ਜਾਣਗੇ।
ਟਰੈਫਿਕ ਜਾਮ ਨੂੰ ਕੰਟਰੋਲ ਕਰਨ ਲਈ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾ ਰਹੇ: ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ 700 ਦੇ ਕਰੀਬ ਕੈਮਰੇ ਸ਼ਹਿਰ ਵਿਚ ਲੱਗ ਚੁੱਕੇ ਹਨ ਤੇ ਬਾਕੀ ਕੈਮਰੇ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਇਹ ਕੈਮਰੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਇਸ ਕੈਮਰੇ ਦੀ ਮੱਦਦ ਨਾਲ ਉਸਦਾ ਗੱਡੀ ਨੰਬਰ ਨੋਟ ਕਰਕੇ ਚਲਾਨ ਉਸਦੇ ਘਰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ, ਤਾਂ ਇਨ੍ਹਾਂ ਕੈਮਰਿਆਂ ਰਾਹੀਂ ਪਤਾ ਲੱਗ ਸਕੇਗਾ। ਉਸ ਦੀ ਮਦਦ ਲਈ ਵੀ ਟੀਮਾਂ ਭੇਜੀਆ ਜਾ ਸਕਣਗੀਆਂ। ਅੰਮ੍ਰਿਤਸਰ ਵਿੱਚ ਦਾਖਲ ਹੋਣ ਵਾਲੀਆਂ ਸੜਕਾਂ ਅਤੇ ਸਾਰੇ ਮਹੱਤਵਪੂਰਨ ਸਥਾਨਾਂ ਉਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਨਗਰ ਨਿਗਮ ਦਫਤਰ ਵਿੱਚ ਬਣਾਏ ਗਏ ਕੰਟਰੋਲ ਰੂਮ ਵਿੱਚ 24 ਘੰਟੇ ਸਟਾਫ ਤਾਇਨਾਤ ਰਹੇਗਾ ਅਤੇ ਈ-ਚਾਲਨ ਦੀ ਸੇਵਾ ਜਲਦ ਆਰੰਭ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬਹੁਤ ਸਮੇਂ ਤੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਅਪਰਾਧ ਵੱਧਿਆ ਹੈ, ਪਰ ਅੰਮ੍ਰਿਤਸਰ ਸ਼ਹਿਰ ਵਿੱਚ ਲੁੱਟ ਖੋਹ ਅਤੇ ਕਤਲ ਜਿਹੀਆਂ ਵਾਰਦਾਤਾਂ ਜ਼ਿਆਦਾ ਸਾਹਮਣੇ ਆਈਆਂ ਹਨ। ਇਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਇਹ ਬਹੁਤ ਪਹਿਲਾਂ ਹੋ ਜਾਣਾ ਸੀ, ਪਰ ਇਸ ਪ੍ਰਾਜੈਕਟ ਨੂੰ ਥੋੜੀ ਦੇਰੀ ਹੋ ਗਈ।