ਅੰਮ੍ਰਿਤਸਰ: 35 ਸਿੱਖ ਜਥੇਬੰਦੀਆਂ ਦੇ ਗੱਠਜੋੜ ਸੰਸਥਾਵਾਂ ਅਤੇ ਦਰਬਾਰ-ਏ-ਖਾਲਸਾ ਜਥੇਬੰਦੀ ਦੇ ਆਗੂਆਂ ਵੱਲੋਂ ਸਾਂਝੇ ਰੂਪ ਵਿੱਚ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਮਾਮਲੇ ਵਿੱਚ ਹੋਈ ਨਾ-ਇਨਸਾਫ਼ੀ ਦੇ ਖ਼ਿਲਾਫ਼ ਵਿੱਢੇ ਸੰਘਰਸ਼ ਦੇ ਦੂਜੇ ਪੜਾਅ ਦਾ ਐਲਾਨ ਕੀਤਾ ਗਿਆ ਹੈ।
ਸਿੱਖ ਜਥੇਬੰਦੀਆਂ ਨੇ ਕਿਹਾ ਕਿ ਬਰਗਾੜੀ ਮਾਮਲਿਆਂ 'ਤੇ ਇਨਸਾਫ਼ ਲਈ ਸਰਕਾਰ ਨੂੰ ਹਲੂਣਾ ਦੇਣ ਲਈ ਇਸ ਮਾਮਲੇ 'ਤੇ ਕਾਂਗਰਸ ਸਰਕਾਰ ਨੂੰ ਇੱਕ ਵਾਰ ਫਿਰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ। ਸਿੱਖ ਜਥੇਬੰਦੀਆਂ ਵੱਲੋਂ ਇਨ੍ਹਾਂ ਮਾਮਲਿਆਂ 'ਤੇ ਪੰਜਾਬ ਸਰਕਾਰ ਅਤੇ ਉਸ ਦੇ ਕੈਬਿਨੇਟ ਮੰਤਰੀਆਂ ਅਤੇ ਉਨ੍ਹਾਂ ਵਿਧਾਇਕਾਂ ਦੇ ਘਰ ਅੱਗੇ ਜਾ ਕੇ ਜਵਾਬ ਤਲਬੀ ਕਰਨ ਦੀ ਮੁਹਿੰਮ ਆਰੰਭੀ ਸੀ। ਖ਼ਾਸ ਕਰ ਉਹ ਜਿਨ੍ਹਾਂ ਨੇ ਵਿਧਾਨ ਸਭਾ 'ਚ ਬੜੇ ਜਜ਼ਬਾਤੀ ਭਾਸ਼ਣ ਦਿੱਤੇ ਸਨ ਤੇ ਇਨਸਾਫ਼ ਦਾ ਭਰੋਸਾ ਦੁਆਇਆ ਸੀ।
ਇਸੇ ਤਹਿਤ 51 ਮੈਂਬਰੀ ਨੌਜਵਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਜਥੇ ਦੇ ਰੂਪ ਵਿੱਚ ਇਨ੍ਹਾਂ ਦੇ ਘਰਾਂ ਦੇ ਬਾਹਰ ਜਾ ਕੇ ਜਿੱਥੇ ਕੀਰਤਨ ਕੀਤਾ ਸੀ, ਜਿੱਥੇ ਇਨ੍ਹਾਂ ਤੋਂ ਕੀਤੇ ਹੋਏ ਵਾਅਦੇ ਯਾਦ ਕਰਾਉਂਦਿਆਂ ਜਵਾਬ ਮੰਗਿਆ ਸੀ। ਇਸ ਸੰਘਰਸ਼ ਦੇ ਪਹਿਲੇ ਪੜਾਅ ਤਹਿਤ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਾਹਰ ਦਿੱਤਾ ਗਿਆ ਸੀ।
ਹੁਣ ਦੂਜੇ ਪੜਾਅ ਵਿੱਚ ਬਾਕੀ ਦੇ ਰਹਿੰਦੇ ਮੰਤਰੀਆਂ ਅਤੇ ਵਿਧਾਇਕਾਂ ਜਿਨ੍ਹਾਂ ਵਿੱਚ ਮਨਪ੍ਰੀਤ ਸਿੰਘ ਬਾਦਲ, ਹਰਮਿੰਦਰ ਸਿੰਘ ਗਿੱਲ , ਰਮਨਜੀਤ ਸਿੰਘ ਸਿੱਕੀ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਆਦਿ ਰਾਜਨੀਤਕ ਆਗੂਆਂ ਦੇ ਘਰਾਂ ਦੇ ਬਾਹਰ ਧਰਨੇ ਦੇ ਕੇ ਉਨ੍ਹਾਂ ਦੀ ਜਵਾਬਤਲਬੀ ਕੀਤੀ ਜਾਵੇਗੀ।
ਇਹ ਵੀ ਪੜੋ: ਫਾਰੂਕ ਅਬਦੁੱਲਾ ਦੀ ਰਿਹਾਈ 'ਤੇ ਕੈਪਟਨ ਨੇ ਜਤਾਈ ਖ਼ੁਸ਼ੀ, ਫ਼ੋਨ 'ਤੇ ਕੀਤੀ ਗੱਲਬਾਤ
ਇਸੇ ਤਹਿਤ ਮਿਤੀ 15 ਮਾਰਚ ਦਿਨ ਐਤਵਾਰ ਨੂੰ ਇਨ੍ਹਾਂ ਜਥੇਬੰਦੀਆਂ ਵੱਲੋਂ ਪਹਿਲਾਂ ਧਰਨਾ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਘਰ ਦੇ ਬਾਹਰ ਕੀਰਤਨ ਉਪਰੰਤ ਧਰਨੇ ਦੇ ਕੇ ਜਵਾਬਤਲਬੀ ਕੀਤੀ ਗਈ।