ਅੰਮ੍ਰਿਤਸਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਖਾਲਿਸਤਾਨ ਸਮਰਥਕ ਹਰਦੀਪ ਨਿੱਝਰ ਦੇ ਕਤਲ ਪਿਛੇ ਭਾਰਤੀ ਏਜੰਸੀਆਂ ਦੇ ਹੋਣ ਦਾ ਦਾਅਵਾ ਕੀਤਾ, ਜਿਸ ਤੋਂ ਬਾਅਦ ਦੋਵੇਂ ਦੇਸ਼ਾਂ 'ਚ ਤਕਰਾਰ ਦੀ ਸਥਿਤੀ ਪੈਦਾ ਹੋ ਗਈ। ਇਸ ਵਿਚਾਲੇ ਹੁਣ ਪੰਜਾਬ 'ਚ ਵੀ ਕੈਨੇਡਾ ਖਿਲਾਫ਼ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਜਿਸ ਦੇ ਚੱਲਦੇ ਸ਼ਿਵ ਸੈਨਾ ਟਕਸਾਲੀ ਵਲੋਂ ਕੈਨੇਡਾ ਦਾ ਝੰਡਾ ਫੂਕ ਕੇ ਆਪਣਾ ਪ੍ਰਦਰਸ਼ਨ ਕੀਤਾ ਗਿਆ। ਜਿਸ 'ਚ ਸ਼ਿਵ ਸੈਨਾ ਟਕਸਾਲੀ ਆਗੂ ਬ੍ਰਿਜ ਮੋਹਨ ਸੂਰੀ ਵਲੋਂ ਕੈਨੇਡਾ ਸਰਕਾਰ ਦਾ ਝੰਡਾ ਫੂਕਿਆ ਗਿਆ ਅਤੇ ਕੈਨੇਡੀਆਨ ਪ੍ਰਧਾਨ ਮੰਤਰੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। (Shiv Sena protest against Canada PM)
ਖਾਲਿਸਤਾਨ ਸਮਰਥਕਾਂ ਨੂੰ ਕੈਨੇਡਾ ਦਿੰਦਾ ਸ਼ਰਨ: ਇਸ ਮੌਕੇ ਸ਼ਿਵ ਸੈਨਾ ਟਕਸਾਲੀ ਦੇ ਆਗੂ ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਕੈਨੇਡਾ ਸਰਕਾਰ ਹੁਣ ਪਾਕਿਸਤਾਨ ਦੀ ਰਾਹ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਨੇਡਾ ਸਰਕਾਰ ਨੂੰ ਉਹ ਪੁੱਛਣਾ ਚਾਹੁੰਦੇ ਹਨ ਕਿ ਕਿਸ ਆਧਾਰ 'ਤੇ ਉਨ੍ਹਾਂ ਭਾਰਤ ਸਰਕਾਰ 'ਤੇ ਅਜਿਹਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇਨੇਡਾ ਵਲੋਂ ਖਾਲਿਸਤਾਨ ਸਮਰਥਕਾਂ ਨੂੰ ਸ਼ੈਅ ਦਿੱਤੀ ਜਾਂਦੀ ਹੈ ਅਤੇ ਜੋ ਲੋਕ ਭਾਰਤ 'ਚ ਕੋਈ ਵੱਡਾ ਜ਼ੁਰਮ ਕਰਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੈਨੇਡਾ 'ਚ ਹੀ ਪਨਾਹ ਦਿੱਤੀ ਜਾਂਦੀ ਹੈ।
ਕਿਸੇ ਵੀ ਤਰਾਂ ਦੇ ਟਕਰਾਅ ਲਈ ਤਿਆਰ: ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਕੈਨੇਡਾ ਸਰਕਾਰ ਪਾਕਿਸਤਾਨ ਦੇ ਨਕਸ਼ੇ ਕਦਮਾਂ 'ਤੇ ਚੱਲਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਨੇ ਪਾਕਿਸਤਾਨ ਦੀ ਪਰਵਾਹ ਨਾ ਕੀਤੀ ਤਾਂ ਕੈਨੇਡਾ ਚੀਜ ਹੀ ਕੀ ਹੈ। ਸੂਰੀ ਨੇ ਕਿਹਾ ਕਿ ਜੇ ਕੈਨੇਡਾ ਨਾਲ ਟੱਕਰ ਲਈ ਸੈਨਾ ਦੇ ਨਾਲ-ਨਾਲ ਆਮ ਨਾਗਰਿਕਾਂ ਅਤੇ ਸ਼ਿਵ ਸੈਨਾ ਟਕਸਾਲੀ ਨੂੰ ਵੀ ਅੱਗੇ ਆਉਣਾ ਪਿਆ ਤਾਂ ਉਹ ਵੀ ਅੱਗੇ ਆ ਕੇ ਟਕਰਾਅ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਟਰੈਡੋ ਨੇ ਭਾਰਤੀ ਏਜੰਸੀਆਂ 'ਤੇ ਲਾਏ ਸੀ ਦੋਸ਼: ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਦੋਸ਼ ਲਾਇਆ ਸੀ ਕਿ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ। ਟਰੂਡੋ ਨੇ ਕਿਹਾ ਸੀ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਕੋਲ ਇਹ ਮੰਨਣ ਦਾ ਕਾਰਨ ਹੈ ਕਿ ਨਿੱਝਰ ਦੀ ਹੱਤਿਆ ਭਾਰਤ ਸਰਕਾਰ ਦੇ ਏਜੰਟਾਂ ਨੇ ਕੀਤੀ ਹੈ। ਕੈਨੇਡੀਅਨ ਏਜੰਸੀਆਂ ਨਿੱਝਰ ਦੇ ਕਤਲ ਵਿੱਚ ਭਾਰਤੀ ਸਾਜ਼ਿਸ਼ ਦੀ ਸੰਭਾਵਨਾ ਦੀ ਜਾਂਚ ਕਰ ਰਹੀਆਂ ਹਨ। ਟਰੂਡੋ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡੀਅਨ ਧਰਤੀ 'ਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਅਸਵੀਕਾਰਨਯੋਗ ਹੈ।