ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਅਤੇ ਬੀਸੀ ਵਿੰਗ ਦੇ ਦੁਬਾਰਾ ਪ੍ਰਧਾਨ ਬਣੇ ਹੀਰਾ ਸਿੰਘ ਗਾਬੜੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁਬਾਰਾ ਮਾਣ ਬਖ਼ਸ਼ਣ 'ਤੇ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਪਰਕਾਸ਼ ਬਾਦਲ, ਪ੍ਰਧਾਨ ਸੁਖਬੀਰ ਬਾਦਲ ਅਤੇ ਸਮੁੱਚੀ ਅਕਾਲੀ ਲੀਡਰਸ਼ਿੱਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਹ ਪੱਛੜੇ ਵਰਗ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਲਈ ਹਮੇਸ਼ਾਂ ਹੀ ਯਤਨਸ਼ੀਲ ਰਹੇ ਹਨ। ਹੁਣ ਕਾਂਗਰਸ ਵੱਲੋਂ ਜੋ ਪੱਛੜੇ ਵਰਗਾਂ ਨੂੰ ਅਣਦੇਖਾ ਕੀਤਾ ਗਿਆ ਹੈ, ਉਸ ਲਈ ਉਹ ਹਰ ਸੰਘਰਸ਼ ਕਰਨ ਲਈ ਤਿਆਰ ਹਨ। ਪੱਛੜੇ ਵਰਗਾਂ ਨੂੰ ਹੱਕ ਦਿਵਾਉਣਗੇ। ਇਸ ਲਈ ਵਿਸ਼ੇਸ ਰੂਪ ਰੇਖਾ ਆਉਣ ਵਾਲੇ ਦਿਨਾਂ ਵਿੱਚ ਤਿਆਰ ਹੋਵੇਗੀ ਤੇ ਪੱਛੜੇ ਵਰਗਾਂ ਲਈ ਕੰਮ ਦਾ ਆਗਾਜ਼ ਅੱਜ ਤੋਂ ਹੋ ਗਿਆ ਹੈ।
ਇਹ ਵੀ ਪੜੋ: ਮਜ਼ਦੂਰਾਂ ਦੀ ਥਾਂ ਆਪਣੇ ਬੱਚਿਆਂ ਤੋਂ ਝੋਨਾ ਲਵਾਉਣ ਲਈ ਮਜਬੂਰ ਕਿਸਾਨ
ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਪੱਛੜੇ ਵਰਗਾਂ ਦੀ 52 ਪ੍ਰਤੀਸ਼ਤ ਗਿਣਤੀ ਹੈ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੋਰਟ ਵੱਲੋਂ ਪੱਛੜੇ ਵਰਗਾਂ ਦੀ ਰਿਜ਼ਰਵੇਸ਼ਨ ਦੀ ਰਿੱਟ ਕੈਂਸਲ ਹੋਣ ਦਾ ਕਾਰਨ ਵਕੀਲਾਂ ਦੀ ਨਾ ਸਮਝੀ ਹੈ। ਨਤਮਸਤਕ ਹੋਣ ਤੋਂ ਬਾਅਦ ਹੀਰਾ ਸਿੰਘ ਗਾਬੜੀਆ ਨੂੰ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀਆਂ ਵੱਲੋਂ ਸਿਰੋਪਾਓ, ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ।