ਅੰਮ੍ਰਿਤਸਰ: ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਤਖ਼ਤੀ ਮੁਹਿੰਮ ਚਲਾਈ ਸੀ ਜਿਸ ਵਿੱਚ 25 ਲੱਖ ਤੋਂ ਵੱਧ ਲੋਕਾਂ ਵੱਲੋਂ ਹਿੱਸਾ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ, ਜੋ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਛੁਡਵਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ। ਹੁਣ ਇਸ ਮੁਹਿੰਮ ਤਹਿਤ ਭਰੇ ਗਏ ਪ੍ਰੋਫਾਰਮੇ ਸ਼੍ਰੋਮਣੀ ਕਮੇਟੀ 18 ਮਈ, 2023 ਨੂੰ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਸੌਂਪੇਗੀ।
ਪਹਿਲਾਂ ਕੀਤੀ ਜਾਵੇਗੀ ਅਰਦਾਸ: 1 ਦਸੰਬਰ, 2022 ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ ਗਈ। ਪਿੰਡ-ਪਿੰਡ ਜਾ ਕੇ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਿਆ ਗਿਆ ਅਤੇ ਲੱਖਾਂ ਲੋਕ ਇਸ ਮੁਹਿੰਮ ਦੇ ਹਿੱਸਾ ਬਣੇ ਹਨ। ਇਹ ਮੁਹਿੰਮ 14 ਅਪ੍ਰੈਲ ਤੱਕ ਜਾਰੀ ਰਹੀ। ਇਸ ਮੁਹਿੰਮ ਤਹਿਤ 25 ਲੱਖ ਤੋਂ ਵੱਧ ਲੋਕਾਂ ਨੇ ਪ੍ਰੋਫਾਰਮੇ ਭਰੇ ਹਨ। ਹੁਣ ਇਨ੍ਹਾਂ ਪ੍ਰੋਫਾਰਮਿਆਂ ਨੂੰ 18 ਮਈ ਨੂੰ ਸਵੇਰੇ 11 ਵਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਮ ਤੋਂ ਪੰਜਾਬ ਦੇ ਗਵਰਨਰ ਬਨਵਾਰੀਲਾਲ ਪੁਰੋਹਿਤ ਨੂੰ ਸੌਂਪੇ ਜਾਣਗੇ। ਇਸ ਤੋਂ ਪਹਿਲਾਂ, 18 ਮਈ ਨੂੰ ਸਵੇਰੇ ਸਾਢੇ 6 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ। ਇਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਸ਼੍ਰੋਮਣੀ ਕਮੇਟੀ ਦੇ ਹੋਰ ਮੈਂਬਰ ਵੀ ਸ਼ਾਮਲ ਹੋਣਗੇ।
ਪਹਿਲਾਂ 27 ਅਪ੍ਰੈਲ ਨੂੰ ਸੌਂਪੇ ਜਾਣੇ ਸੀ ਪ੍ਰੋਫਾਰਮੇ: ਪ੍ਰੋਫਾਰਮੇ ਸੌਂਪਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਤੇ ਹੋਰ ਸੱਜਣ ਗੁਰਚਰਨ ਸਿੰਘ ਗਰੇਵਾਲ ਸਣੇ ਪ੍ਰਤਾਪ ਸਿੰਘ ਵੀ ਜਾਣਗੇ। ਦੱਸ ਦਈਏ ਕਿ ਇਹ ਪ੍ਰੋਫਾਰਮੇ ਪਹਿਲਾਂ 27 ਅਪ੍ਰੈਲ ਨੂੰ ਸੌਂਪੇ ਜਾਣ ਸੀ। ਫਿਰ ਅਕਾਲੀ ਦਲ ਦੇ ਸੀਨੀਅਰ ਆਗੂ ਪਰਕਾਸ਼ ਸਿੰਘ ਬਾਦਲ ਦਾ ਦਿਹਾਂਤ ਹੋ ਜਾਣ ਕਾਰਨ ਇਸ ਪ੍ਰੋਗਰਾਮ ਨੂੰ ਮੁਲਤਵੀ ਕੀਤਾ ਗਿਆ।
- Sidhu Moose Wala Memorial : ਜਵਾਹਰਕੇ 'ਚ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣਨੀ ਸ਼ੁਰੂ, ਜਾਣੋ ਕੀ-ਕੀ ਰਹੇਗਾ ਖ਼ਾਸ
- Aero Model In Bathinda: ਮਹਿੰਗਾ ਸ਼ੌਕ, ਪਿੰਡ ਦੇ ਖੇਤਾਂ 'ਚ ਉਡਾਇਆ ਜਹਾਜ਼, ਐਰੋ ਮਾਡਲ ਬਣਾ ਕੇ ਰਿਕਾਰਡ ਕੀਤਾ ਦਰਜ
- ਮੁੜ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਪੰਜਾਬ ਦੇ ਰਾਜਪਾਲ, 7-8 ਜੂਨ ਦਾ ਪ੍ਰੋਗਰਾਮ ਤੈਅ
ਕੌਣ ਹਨ ਬੰਦੀ ਸਿੰਘ : ਬੰਦੀ ਸਿੰਘ ਉਨ੍ਹਾਂ ਸਿੱਖ ਕੈਦੀਆਂ ਦਾ ਹਵਾਲਾ ਦਿੰਦੇ ਹਨ, ਜਿਨ੍ਹਾਂ ਨੂੰ ਪੰਜਾਬ ਦੇ ਖਾੜਕੂਵਾਦ ਵਿੱਚ ਸ਼ਾਮਲ ਹੋਣ ਲਈ ਸਜ਼ਾ ਹੋਈ ਹੈ। ਅੱਜ ਵੀ ਕਈ ਬੰਦੀ ਸਿੰਘ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। 1990 ਦੇ ਦਹਾਕੇ ਦੇ ਸ਼ੁਰੂ ਵਿੱਚ ਪੰਜਾਬ ਵਿੱਚੋਂ ਅੱਤਵਾਦ ਦਾ ਖਾਤਮਾ ਹੋਇਆ ਹੈ, ਉਦੋਂ ਤੋਂ ਇਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਪਿੱਛੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਇਹ ਕੈਦੀ ਪਿਛਲੇ 30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਇਨ੍ਹਾਂ ਚੋਂ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਜਿਸ ਕਰਕੇ ਇਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।