ਅੰਮ੍ਰਿਤਸਰ: ਜੂਨ 1984 ਵਿੱਚ ਭਾਰਤ ਸਰਕਾਰ ਦੇ ਕਹਿਣ 'ਤੇ ਫੌਜਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ। ਸਿੱਖਾਂ ਨਾਲ ਵਾਪਰੇ ਇਸ ਘੱਲੂਘਾਰੇ ਵਿੱਚ ਹਜ਼ਾਰਾਂ ਦੇ ਕਰੀਬ ਸਿੱਖ ਸ਼ਰਧਾਲੂ ਸ਼ਹੀਦ ਹੋ ਗਏ।
ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪ੍ਰਕਾਸ਼ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ.ਰੂਪ ਸਿੰਘ ਨੇ ਕਿਹਾ ਕਿ ਜੂਨ '84 ਵਿੱਚ ਸਿੱਖਾਂ ਨਾਲ ਅੱਤਿਆਚਾਰੀ ਤੀਜਾ ਘੱਲੂਘਾਰਾ ਵਾਪਰਿਆ, ਜਿਸ ਵਿੱਚ ਸਿੱਖਾਂ ਦੇ 40 ਦੇ ਕਰੀਬ ਧਾਰਮਿਕ ਸਥਾਨ, ਹੱਥ ਲਿਖਤ ਪੋਥੀਆਂ, ਸਿੱਖੀ ਦਾ ਸਰਮਾਇਆ, ਬੱਚੇ, ਬਜ਼ੁਰਗਾਂ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ।
ਡਾ.ਰੂਪ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਠਾਹਰਾ ਸਿੰਘ, ਭਾਈ ਅਮਰੀਕ ਸਿੰਘ ਅਤੇ ਜਰਨਲ ਸ਼ੁਬੇਗ ਸਿੰਘ ਵਰਗੇ ਯੋਧੇ ਵੀ ਸ਼ਹੀਦ ਹੋ ਗਏ।
ਉਨ੍ਹਾਂ ਕਿਹਾ ਕਿ ਸਿੱਖਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਨਾਲ ਲੜਾਈ ਲੜੀ ਅਤੇ ਅਸੀਂ 80 ਫੀਸਦੀ ਕੁਰਬਾਨੀਆਂ ਦੇ ਕੇ ਭਾਰਤ ਨੂੰ ਆਜ਼ਾਦ ਕਰਵਾਇਆ ਪਰ ਆਜ਼ਾਦ ਭਾਰਤ ਵਿੱਚ 1955 ਵਿੱਚ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਫੌਜ ਵਾੜੀ ਗਈ ਤੇ ਉਸ ਤੋਂ ਬਾਅਦ 1984 ਸਿੱਖਾਂ ਦੇ ਪਾਵਨ ਪਵਿੱਤਰ ਸਥਾਨਾਂ ਨੂੰ ਢਹਿ ਢੇਰੀ ਕੀਤਾ। ਡਾ.ਰੂਪ ਸਿੰਘ ਨੇ ਕਿਹਾ ਕਿ ਇਹ ਸਾਰਾ ਕੁੱਝ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ 'ਤੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ: 1984 ਦੇ ਸ਼ਹੀਦਾਂ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਇਆ ਗਿਆ ਪਾਠ ਪ੍ਰਕਾਸ਼
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਣ-ਬੁੱਝ ਕੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੁਣਿਆ ਗਿਆ ਤਾਂ ਜੋ ਇੱਕਠੀ ਹੋਈ ਸ਼ੰਗਤ ਨੂੰ ਮਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਇਸ ਘੱਲੂਘਾਰੇ ਦਾ ਦਰਦ ਕਦੇ ਵੀ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਸਰੀਰਕ ਜ਼ਖ਼ਮ ਭਰ ਜਾਂਦੇ ਹਨ ਪਰ ਮਨ 'ਤੇ ਉੱਕਰੇ ਮਾੜੇ ਨਿਸ਼ਾਨ ਨਹੀਂ ਮਿਟਦੇ, ਉਹ ਜ਼ਖ਼ਮ ਨਾਸੂਰ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਨੂੰ ਸਿੱਖਾਂ 'ਤੇ ਕੀਤੇ ਜਬਰ ਬਾਰੇ ਖੁੱਲ੍ਹੇ ਰੂਪ ਵਿਚ ਮਾਫੀ ਮੰਗਣੀ ਚਾਹੀਦੀ ਹੈ।