ਅੰਮ੍ਰਿਤਸਰ: ਫਾਂਸੀ ਦੀ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਅੱਜ ਸ਼ਨੀਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਪੀਸੀ) ਅਤੇ ਦਮਦਮੀ ਟਕਸਾਲ ਸਮੇਤ ਕੁੱਲ 11 ਸਿੱਖ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਵਿੱਚ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੋ ਦਸੰਬਰ ਨੂੰ 11 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਪਹਿਲਾਂ ਪੰਥਕ ਜਥੇਬੰਦੀਆਂ ਸਮੂਹਿਕ ਤੌਰ ਉੱਤੇ ਉਸ ਵਿੱਚੋਂ ਕੁਝ ਛੱਡ ਗਈਆਂ ਸਨ ਬਾਕੀ ਅੱਠ ਮੈਂਬਰ ਰਹਿ ਗਏ ਸਨ। ਉਨ੍ਹਾਂ ਦੀ ਮੀਟਿੰਗ ਅੱਜ ਯਾਨੀ 2 ਦਿਸੰਬਰ ਨੂੰ ਸ਼ਾਮ 6 ਵਜੇ ਇਸੇ ਹਾਲ ਵਿੱਚ ਕੀਤੀ ਜਾਵੇਗੀ। ਇਸ ਵਿੱਚ ਕੇਵਲ ਰਾਜੋਆਣਾ ਦੇ ਏਜੰਡੇ ਉੱਤੇ ਗੱਲਬਾਤ ਕੀਤੀ ਜਾਵੇਗੀ।
ਦਰਅਸਲ, ਬਲਵੰਤ ਸਿੰਘ ਰਾਜੋਆਣਾ ਦੇ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖੇ ਖਤ ਮਿਲੇ। ਇਸ ਤੋਂ ਬਾਅਦ SGPC ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਕਿਹਾ ਸੀ। ਮੁਲਾਕਾਤ ਤੋਂ ਬਾਅਦ 30 ਨਵੰਬਰ ਨੂੰ ਐਸਜੀਪੀਸੀ ਦੀ ਅੰਤਰਿਮ ਬੈਠਕ ਸੱਦੀ ਗਈ ਜਿਸ ਵਿੱਚ 11 ਸੰਗਠਨਾਂ ਨੇ ਇੱਕਠੇ ਬੈਠ ਕੇ ਫੈਸਲਾ ਲੈਣ ਉੱਤੇ ਸਹਿਮਤੀ ਬਣਾਈ।
ਹੜਤਾਲ ਰੁਕਵਾਉਣਾ ਚਾਹੁੰਦੀ SGPC: ਜੇਲ੍ਹ ਵਿੱਚ ਬੰਦ ਰਾਜੋਆਣਾ ਵਲੋਂ 5 ਦਸੰਬਰ ਤੋਂ ਭੁੱਖ ਹੜਤਾਲ ਉੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ, ਰਾਜੋਆਣਾ ਆਪਣੀ ਦੀ ਸਜ਼ਾ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਫੈਸਲਾ ਨਾ ਲੈਣ ਅਤੇ ਐਸਜੀਪੀਸੀ ਤੇ ਅਕਾਲੀ ਦਲ ਵਲੋਂ ਕੋਈ ਠੋਸ ਕਦਮ ਨਾ ਚੁੱਕੇ ਜਾਣ ਤੋਂ ਵੀ ਨਾਰਾਜ਼ ਹਨ। ਰਾਜੋਆਣਾ ਨੇ ਬੀਤੇ ਦਿਨੀਂ ਪ੍ਰਧਾਨ ਹਰਜਿੰਦਰ ਧਾਮੀ ਨਾਲ ਮੁਲਾਕਾਤ ਵੇਲ੍ਹੇ ਇਹ ਸਪਸ਼ਟ ਕੀਤਾ ਕਿ ਐਸਜੀਪੀਸੀ ਵਲੋਂ 2011 ਵਿੱਚ ਰਾਸ਼ਟਰਪਤੀ ਨੂੰ ਪਾਈ ਗਈ ਮਰਸੀ ਪਟੀਸ਼ਨ ਵੀ ਵਾਪਸ ਲਈ ਜਾਵੇ।
2011 ਤੋਂ ਲੰਬਿਤ ਫਾਂਸੀ ਦੀ ਸਜ਼ਾ ਬਦਲਣ ਵਾਲੀ ਪਟੀਸ਼ਨ: ਬਲਵੰਤ ਸਿੰਘ ਰਾਜੋਆਣਾ ਲਈ ਐਸਜੀਪੀਸੀ ਵਲੋਂ ਰਾਸ਼ਟਰਪਤੀ ਨੂੰ 2011 ਵਿੱਚ ਮਰਸੀ ਪਟੀਸ਼ਨ ਪਾਈ ਗਈ, ਜੋ ਕਿ ਅੱਜ ਤੱਕ ਪੈਡਿੰਗ ਹੈ। ਦਰਅਸਲ, ਰਾਜੋਆਣਾ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਤਹਿਤ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਪਰ ਰਹਿਮ ਪਟੀਸ਼ਨ (Mercy Petition) ਕਾਰਨ ਉਨ੍ਹਾਂ ਨਾ ਤਾਂ ਫਾਂਸੀ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਦੀ ਸਜ਼ਾ ਉਮਰਕੈਦ ਵਿੱਚ ਤਬਦੀਲ ਕੀਤੀ ਗਈ।