ਅੰਮ੍ਰਿਤਸਰ: ਐਕਸਾਈਜ਼ ਮਹਿਕਮੇ ਦੇ ਅਧਿਕਾਰੀ ਅਤੇ ਸਪੈਸ਼ਲ ਟੀਮ ਦੇ ਸਾਂਝੇ ਅਪ੍ਰੇਸ਼ਨ ਤਹਿਤ ਪਿੰਡ ਖਿਆਲਾ ਵਿਖੇ ਵੱਡੀ ਮਾਤਰਾ ਵਿੱਚ ਲਾਹਣ ਅਤੇ ਨਾਜਾਇਜ਼ ਸ਼ਰਾਬ ਦਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੂੰ 10 ਡਰੰਮ ਬਰਾਮਦ ਹੋਏ, ਜਿਨ੍ਹਾਂ ਵਿੱਚ ਸ਼ਰਾਬ ਬਣਾਈ ਜਾਂਦੀ ਸੀ। ਇਨ੍ਹਾਂ ਵਿੱਚੋਂ ਮੁਲਜ਼ਮ ਨਵੇਂ ਢੰਗ ਨਾਲ ਦੋ ਇਲੈਕਟ੍ਰਾਨਿਕ ਡਰੰਮ ਵੱਜੋਂ ਸਿੱਧੀ ਸ਼ਰਾਬ ਕੱਢਦੇ ਸਨ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਰਾਮ ਤੀਰਥ ਨੇ ਦੱਸਿਆ ਕਿ ਐਕਸਾਈਜ਼ ਅਤੇ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਕੀਤੀ ਗਈ ਸਾਂਝੀ ਰੇਡ ਵਿੱਚ ਪਿੰਡ ਖਿਆਲਾ ਵਿਖੇ ਦੋ ਥਾਵਾਂ 'ਤੇ ਰੇਡ ਕੀਤੀ ਗਈ। ਇਸ ਦੌਰਾਨ 3200 ਲੀਟਰ ਦੇ ਕਰੀਬ ਲਾਹਣ ਅਤੇ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਦੋ ਕਥਿਤ ਦੋਸ਼ੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ। ਇਸਤੋਂ ਇਲਾਵਾ 8 ਡਰੰਮ ਅਤੇ 2 ਇਲੈਕਟ੍ਰੋਨਿਕ ਡਰੰਮ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕਥਿਤ ਦੋਸ਼ੀ ਸਿੱਧਾ ਬਿਜਲੀ ਨਾਲ ਸ਼ਰਾਬ ਕੱਢੀ ਜਾ ਰਹੀ ਸੀ।
ਕਥਿਤ ਦੋਸ਼ੀਆਂ ਦੀ ਸ਼ਨਾਖਤ ਸਮਸ਼ੇਰ ਸਿੰਘ ਅਤੇ ਸੰਦੀਪ ਸਿੰਘ ਹੈਪੀ ਵੱਜੋਂ ਹੋਈ ਹੈ, ਜਿਨ੍ਹਾਂ ਵਿਚੋਂ ਇੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਥਿਤ ਦੋੋਸ਼ੀਆਂ ਵਿਰੁੱਧ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।