ਅੰਮਿਤਸਰ: ਹਲਕਾ ਅਜਨਾਲਾ ਦੇ ਪਿੰਡ ਕੋਟਲੀ ਵਿੱਚ ਕਿਸਾਨਾਂ ਵਲੋ ਬਿਮਾਰੀਆਂ ਤੋਂ ਬਚਾਅ ਕਰਨ ਲਈ ਖਾਸ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿਚ ਬਜ਼ੁਰਗ ਲੋਕ ਘਰ ਵਿੱਚ ਗੁੜ ਦਾ ਇਸਤਮਾਲ ਕਰਦੇ ਸਨ, ਜਿਸ ਦੇ ਚੱਲਦੇ ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਸਨ ਪਰ ਜਦੋਂ ਦੀ ਘਰਾਂ ਦੇ ਵਿੱਚ ਖੰਡ ਦੀ ਵਰਤੋਂ ਸ਼ੁਰੂ ਹੋ ਗਈ ਹੈ ਤਾਂ ਹਰ ਘਰ ਵਿੱਚ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਹਨ। ਖਾਸ ਕਰਕੇ ਹਰ ਇੱਕ ਘਰ ਵਿੱਚ ਸ਼ੂਗਰ ਦੀ ਬਿਮਾਰੀ ਆਮ ਵੇਖੀ ਜਾਂਦੀ ਹੈ, ਇਸ ਕਰਕੇ ਪਿੰਡ ਕੋਟਲੀ ਦੇ ਕਿਸਾਨ ਜਾਗਰੂਕ ਹੋ ਗਏ ਹਨ। ਉਣਾ ਵਲੋਂ ਇਸ ਸ਼ੂਗਰ ਦੀ ਬਿਮਾਰੀ ਤੋਂ ਬੱਚਣ ਲਈ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣ ਲਈ ਪਿੰਡ ਵਿੱਚ ਗੁੜ ਬਣਾਉਣ ਦਾ ਤੇ ਘਰ-ਘਰ ਵਿੱਚ ਗੁੜ ਦੀ ਵਰਤੋਂ ਕਰਨ ਦਾ ਉਪਰਾਲਾ ਸ਼ੁਰੂ ਕੀਤਾ ਹੈ।
ਸ਼ੂਗਰ ਦੀ ਵੱਧ ਰਹੀ ਬਿਮਾਰੀ: ਇਸ ਮੌਕੇ ਕਿਸਾਨ ਜਤਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚੋ ਇਸ ਸ਼ੂਗਰ ਵਰਗੀ ਬਿਮਾਰੀ ਦਾ ਕੋਹੜ ਕੱਢਣ ਲਈ ਗੁੜ ਕੱਢਣਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਦੀ ਬਿਮਾਰੀ ਵੱਧਦੀ ਜਾ ਰਹੀ ਹੈ ਤੇ ਹਰ ਦਸ ਘਰਾਂ ਵਿੱਚੋਂ ਨੌ ਬੰਦਿਆਂ ਨੂੰ ਸ਼ੂਗਰ ਹੋ ਗਈ ਹੈ। ਇਸ ਕਰਕੇ ਅਸੀਂ ਸੋਚਿਆ ਵੀ ਕੁਝ ਨਾ ਕੁਝ ਆਪਣੇ ਲਈ ਅਤੇ ਆਪਣੇ ਆਲੇ-ਦੁਆਲੇ ਆਪਣੇ ਸੱਜਣਾਂ ਮਿੱਤਰਾਂ ਨੂੰ ਗੁੜ ਦੇ ਕੇ ਥੋੜਾ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ 'ਚ ਬਜ਼ੁਰਗ ਚੀਨੀ ਦੀ ਥਾਂ ਗੁੜ ਦੀ ਵਰਤੋਂ ਕਰਦੇ ਸਨ, ਜਿਸ ਕਾਰਨ ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਸਨ।
ਦੇਸੀ ਢੰਗ ਨਾਲ ਗੁੜ ਤਿਆਰ: ਇਸ ਦੇ ਨਾਲ ਹੀ ਕਿਸਾਨ ਦਾ ਕਹਿਣਾ ਕਿ ਉਨ੍ਹਾਂ ਵਲੋਂ ਸ਼ੁੱਧ ਗੁੜ ਤਿਆਰ ਕੀਤਾ ਜਾਂਦਾ ਹੈ, ਜਿਸ 'ਚ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਜਿਸ ਢੰਗ ਨਾਲ ਸਾਡੇ ਬਜ਼ੁਰਗ ਗੁੜ ਨੂੰ ਤਿਆਰ ਕਰਦੇ ਸੀ, ਠੀਕ ਉਸ ਤਰ੍ਹਾਂ ਹੀ ਉਹ ਵੀ ਆਰਗੈਨਿਕ ਤਰੀਕੇ ਨਾਲ ਗੁੜ ਨੂੰ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਕੋਈ ਆਪਣੀ ਮਿਹਨਤ ਕਰ ਰਿਹਾ ਹੈ ਪਰ ਅਸੀਂ ਸ਼ੂਗਰ ਦੀ ਵੱਧ ਰਹੀ ਬਿਮਾਰੀ ਕਾਰਨ ਇਹ ਉਪਰਾਲਾ ਕੀਤਾ ਹੈ, ਜਿਸ ਦੇ ਚੱਲਦੇ ਅਸੀਂ ਹਰ ਚੀਜ ਘਰ ਦੀ ਤਿਆਰ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਜਦੋਂ ਸਾਡੇ ਕੋਲ ਕੋਈ ਭਰਾ ਗੁੜ ਲੈਣ ਆਉਂਦਾ ਵੀ ਹੈ ਤਾਂ ਉਹ ਵੀ ਪਿਰ ਇਹ ਸੋਚਦਾ ਕਿ ਅੱਗੇ ਤੋਂ ਆਪਣੀਆਂ ਫ਼ਸਲਾਂ 'ਚ ਕਮਾਦ ਦੀ ਪੈਦਾਵਾਰ ਕਰਨਗੇ।
ਖੇਤੀ ਵੱਲ ਖਾਸ ਧਿਆਨ ਦੇਣ ਦੀ ਲੋੜ: ਇਸ ਮੌਕੇ ਗੁਰਚਰਨ ਸਿੰਘ ਨੇ ਦੱਸਿਆ ਕਿ ਗੁੜ ਦਾ ਉਪਰਾਲਾ ਇੰਨ੍ਹਾਂ ਭਰਾਵਾਂ ਵਲੋਂ ਬਹੁਤ ਵਧੀਆ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਪਿੰਡ ਦੇ ਹੋਰ ਕਿਸਾਨ ਵੀ ਗੁੜ ਬਣਾਉਣ ਦਾ ਕੰਮ ਕਰਨਗੇ ਤਾਂ ਜੋ ਪੰਜਾਬ ਨੂੰ ਬਿਮਾਰੀਆਂ ਤੋਂ ਮੁਕਤ ਬਣਾਉਣ ਲਈ ਯੋਗਦਾਨ ਪਾਇਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਤੰਦਰੁਸਤ ਰਹਿਣ ਲਈ ਸ਼ੁੱਧ ਖਾਣਾ ਪੀਣਾ ਤੇ ਸ਼ੁੱਧ ਪਹਿਨਣਾ ਜ਼ਰੂਰੀ ਹੈ। ਜਿਸ 'ਚ ਸਾਨੂੰ ਸਭ ਤੋਂ ਪਹਿਲਾਂ ਖਾਣ ਪੀਣ 'ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਧੀਆ ਖਾਣ ਲਈ ਸਬਜ਼ੀਆਂ ਤੇ ਹੋਰ ਖੇਤੀ ਆਰਗੈਨਿਕ ਢੰਗ ਨਾਲ ਕੀਤੀ ਜਾਵੇ, ਜਿਸ 'ਚ ਰੂੜੀ ਦੀ ਖਾਦਾਂ ਦੀ ਵਰਤੋਂ ਕਰਕੇ ਪੈਦਾਵਾਰ ਵਧੀਆ ਕੀਤੀ ਜਾ ਸਕਦੀ ਹੈ, ਜੋ ਨੁਕਸਾਨਦਾਇਕ ਵੀ ਨਹੀਂ ਹੋਵੇਗੀ।