ਅੰਮ੍ਰਿਤਸਰ: ਕਹਿੰਦੇ ਨੇ ਔਰਤਾਂ ਵੀ ਮਰਦਾਂ ਨਾਲੋਂ ਕਿਸੇ ਕੰਮ ਵਿੱਚ ਪਿੱਛੇ ਨਹੀਂ ਹਨ, ਅੱਜ ਦੇ ਜ਼ਮਾਨੇ ਵਿੱਚ ਔਰਤਾਂ ਮਰਦ ਦੇ ਬਰਾਬਰ ਦਾ ਕੰਮ ਕਰਦੀਆਂ ਹਨ। ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੀ ਉਸ ਮਹਿਲਾ ਪਰਮਜੀਤ ਕੌਰ ਕਪੂਰ ਦੀ, ਜਿਨ੍ਹਾਂ ਨੇ ਮਹਿਲਾ ਦਿਵਸ ਅਤੇ ਸ਼ਿਵਰਾਤਰੀ ਨੂੰ ਲੈਕੇ ਇੱਕ ਅਜਿਹੀ ਪੇਟਿੰਗ ਤਿਆਰ ਕੀਤੀ ਹੈ ਜਿਸਨੂੰ ਤੁਸੀਂ ਵੇਖ ਕੇ ਹੈਰਾਨ ਹੋ ਜਾਉਗੇ।
ਇਸ ਮੌਕੇ ਪਰਮਜੀਤ ਕੌਰ ਕਪੂਰ ਨੇ ਈ ਟੀਵੀ ਭਾਰਤ ਦੀ ਟੀਮ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਪੇਟਿੰਗ ਉਸ ਨੇ ਧਾਗੇ ਦੇ ਨਾਲ ਤਿਆਰ ਕੀਤੀ ਹੈ ਜਿਸਨੂੰ ਬਣਾਉਣ ’ਚ ਉਸਨੂੰ ਛੇ ਸਾਲ ਲੱਗ ਗਏ। ਇਸ ਮੂੰਹ ਬੋਲਦੀ ਤਸਵੀਰ ਦਾ ਕੇਂਦਰ ਦੀ ਸਰਕਾਰ ਨੇ ਮੁੱਲ 25 ਲੱਖ ਰੁਪਏ ਪਾਇਆ ਹੈ, ਪਰ ਪਰਮਜੀਤ ਕੌਰ ਨੇ ਦੱਸਿਆ ਕਿ ਉਸਦਾ ਇਸ ਦੇ ਉਤੇ ਦੱਸ ਤੋਂ 15 ਹਜਾਰ ਰੁਪਏ ਖਰਚ ਆਇਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਪੇਂਟਿੰਗ ਲਈ ਭਾਰਤ ਸਰਕਾਰ ਕੋਲੋਂ ਮਿਲ ਚੁੱਕਿਐ ਐਵਾਰਡ
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਸ਼੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪੇਟਿੰਗ ਬਣਾਈ ਸੀ, ਜਿਸ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਐਵਾਰਡ ਵੀ ਮਿਲਿਆ ਸੀ। ਇਸ ਪੇਟਿੰਗ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 75000 ਰੁਪਏ ਦਾ ਨਕਦ ਇਨਾਮ ਵੀ ਦਿੱਤਾ ਗਿਆ ਸੀ।
ਬਚਪਨ ਤੋਂ ਸੀ ਸ਼ੌਕ
ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਦੌਰਾਨ ਪਰਮਜੀਤ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਸਦੇ ਮਨ ਵਿੱਚ ਸ਼ੋਕ ਸੀ। ਉਨ੍ਹਾਂ ਦੀ ਮਾਤਾ ਨੇ ਇਸ ਕੰਮ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਉਸਨੇ ਦੱਸਿਆ ਕਿ ਉਹ 30 ਸਾਲ ਤੋਂ ਇਸ ਹੈਂਡੀਕਰਾਫਟ ਦੇ ਕੰਮ ਨਾਲ ਜੁੜੀ ਹੈ, ਉਸਨੇ ਇਸ ਪੇਟਿੰਗ ਨੂੰ ਧਾਗਿਆਂ ਨਾਲ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਪੇਟਿੰਗ ਨੂੰ ਬਨਾਉਣ ਲਈ ਕਾਟਨ ਦੇ ਧਾਗੇ ਦਾ ਇਸਤੇਮਾਲ ਕੀਤਾ ਗਿਆ ਹੈ, ਪੈਨਸਿਲ ਨਾਲ ਤਿਆਰ ਕਰਕੇ ਉਸ ਉਤੇ ਧਾਗਾ ਲਗਾਇਆ ਗਿਆ ਹੈ।
700 ਤੋਂ 800 ਦੇ ਲਗਭਗ ਬਣਾ ਚੁੱਕੀ ਹੈ ਪੇਟਿੰਗਾਂ
ਇਸ ਮੌਕੇ ਉਨ੍ਹਾਂ ਹੋਰਨਾ ਔਰਤਾਂ ਨੂੰ ਸੁਨੇਹਾ ਦਿੰਦਿਆ ਦੱਸਿਆ ਕਿ ਅੱਜ ਦੇ ਦੌਰ ’ਚ ਔਰਤਾਂ ਕਿਸੇ ਨਾਲੋਂ ਘੱਟ ਨਹੀਂ, ਘਰ ਬੈਠੇ ਮਹਿਲਾਵਾਂ ਸਭ ਕੁੱਝ ਕਰ ਸਕਦੀਆਂ ਹਨ। ਹੋਰਨਾ ਮਹਿਲਾਵਾਂ ਨੂੰ ਜਾਗਰੂਕ ਹੋਣਾ ਜ਼ਰੂਰੀ ਹੈ, ਉਨ੍ਹਾਂ ਕਿਹਾ ਕਿ ਉਹ 700-800 ਦੇ ਕਰੀਬ ਪੇਟਿੰਗ ਬਣਾ ਚੁੱਕੀ ਹੈ। ਇਸ ਸ਼ਿਵ ਪਾਰਵਤੀ ਦੀ ਇਕਠੀ ਤਸਵੀਰ ਦਾ ਮਤਲਬ ਔਰਤ ਤੇ ਪੁਰਸ਼ ਇੱਕ ਸਮਾਨ ਹਨ। ਉਨ੍ਹਾਂ ਦੱਸਿਆ ਕਿ ਉਹ ਅੱਗੇ ਭਵਿੱਖ ’ਚ ਭਗਵਾਨ ਗਣੇਸ਼ ਦੀ ਪੇਟਿੰਗ ਤਿਆਰ ਕਰ ਰਹੇ ਹਨ।