ਅੰਮ੍ਰਿਤਸਰ: ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਗਹਿਰੀ ਮੰਡੀ ਦੀ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਨੇੜਲੇ ਕਰੀਬ 40-50 ਪਿੰਡਾਂ ਦੇ ਲੋਕ ਬਹੁਤ ਪਰੇਸ਼ਾਨ ਹਨ। ਸੜਕ ਦੀ ਹਾਲਤ ਇਨ੍ਹੀ ਜਿਆਦਾ ਖਰਾਬ ਹੈ ਕਿ ਥਾਂ-ਥਾਂ ਟੋਏ ਬਣੇ ਹੋਏ ਸਨ। ਜੋ ਆਰਾਮ ਨਾਲ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ। ਪਰ ਹੁਣ ਜਲਦ ਹੀ ਪਿੰਡਾਂ ਦੇ ਲੋਕਾਂ ਨੂੰ ਇਸ ਖਸਤਾ ਹਾਲਤ ਚ ਪਈ ਸੜਕ ਤੋਂ ਰਾਹਤ ਮਿਲੇਗੀ।
ਦੱਸ ਦਈਏ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਹਲਕਾ ਜੰਡਿਆਲਾ ਗੁਰੂ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਇਸ ਸੜਕ ਨੂੰ ਤਿਆਰ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਹਲਕਾ ਵਿਧਾਇਕ ਡੈਨੀ ਬੰਡਾਲਾ ਦੇ ਪੀਏ ਜਸਵਿੰਦਰ ਸਿੰਘ ਦਸ਼ਮੇਸ਼ ਨਗਰ ਨੇ ਸਰਪੰਚ ਕੁਲਦੀਪ ਸਿੰਘ ਕਾਲਾ ਦੀ ਹਾਜਰੀ ਵਿੱਚ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ।
ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਜੰਡਿਆਲਾ ਗੁਰੂ ਦੇ ਜੀਟੀ ਰੋਡ ਤੋਂ ਸ਼ੁਰੂ ਹੁੰਦੀ ਇਹ ਸੜਕ ਮੰਡੀ ਨੂੰ ਜਾਂਦੀ ਹੈ, ਜਿਸ ਦੀ ਹਾਲਤ ਕਾਫੀ ਖਸਤਾ ਸੀ ਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਅਤੇ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਗਹਿਰੀ ਮੰਡੀ ਦੀ ਸੜਕ ਅਤੇ ਪੁੱਲ ਨੂੰ ਬਣਾਉਣ ਵਾਸਤੇ 2 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਇੱਥੇ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸਨੂੰ ਜਲਦੀ ਤਿਆਰ ਕਰਵਾ ਦਿੱਤਾ ਜਾਵੇਗਾ।