ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਲਗਾਤਾਰ ਤੇਲ ਅਤੇ ਰਸੋਈ ਗੈਸ ਕੀਮਤਾਂ ‘ਚ ਕੀਤੇ ਜਾ ਰਹੇ ਅਥਾਹ ਵਾਧੇ ਕਾਰਨ ਜਿੱਥੇ ਵਿਰੋਧੀ ਧਿਰਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੱਖ-ਵੱਖ ਮਾਧਿਅਮਾਂ 'ਤੇ ਘੇਰ ਕੇ ਵਿਰੋਧ ਪ੍ਰਦਰਸ਼ਨ ਅਤੇ ਧਰਨੇ ਦਿੱਤੇ ਜਾ ਰਹੇ ਹਨ, ਉੱਥੇ ਹੀ ਰਸੋਈ ਗੈਸ ਦੀਆਂ ਕੀਮਤਾਂ ਦੇ ਅਥਾਹ ਵਾਧੇ ਦਾ ਅਸਰ ਆਮ ਵਰਗ ਨਾਲ ਜੁੜੇ ਲੋਕਾਂ 'ਤੇ ਗੰਭੀਰ ਰੂਪ ‘ਚ ਪੈਂਦਾ ਨਜ਼ਰ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜਿੱਥੇ ਲੋਕਾਂ ਦੀ ਰਸੋਈ ‘ਚ ਹਰ ਘਰ ਤੱਕ ਗੈਸ ਕੁਨੈਕਸ਼ਨ ਪਹੁੰਚਾਉਣ ਲਈ 'ਉੱਜਵਲ ਯੋਜਨਾ' ਤਹਿਤ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਗਏ ਸਨ, ਉੱਥੇ ਹੀ ਇਹ ਰਾਹਤ ਲੈਣ ਵਾਲੇ ਆਮ ਤਬਕੇ ਨਾਲ ਜੁੜੇ ਲੋਕ ਸਰਕਾਰ ਵਲੋਂ ਗੈਸ ਕੀਮਤਾਂ ‘ਚ ਕੀਤੇ ਅਥਾਹ ਵਾਧੇ ਨੂੰ ਰਾਹਤ ਤੋਂ ਆਫ਼ਤ ‘ਚ ਬਦਲੀ ਰਣਨੀਤੀ ਦੱਸ ਰਹੇ ਹਨ।
ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਜ਼ਿਲ੍ਹੇ ‘ਚ 'ਉੱਜਵਲ ਯੋਜਨਾ' ਤਹਿਤ ਕਰੀਬ ਇੱਕ ਲੱਖ 33 ਹਜ਼ਾਰ 64 ਲਾਭਪਾਤਰੀਆਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਗਏ ਸਨ, ਪਰ ਕਰੀਬ ਦੋ ਮਹੀਨੇ ਤੋਂ ਲਗਾਤਾਰ ਗੈਸ ਕੀਮਤਾਂ ‘ਚ ਹੋਏ ਵਾਧੇ ਕਾਰਨ ਹੁਣ ਵੱਡੀ ਗਿਣਤੀ ‘ਚ ਕਈ ਪਰਿਵਾਰ ਮਹਿੰਗਾਈ ਦੇ ਵਧੇ ਬੋਝ ਕਾਰਨ ਸਿਲੰਡਰਾਂ ‘ਚ ਗੈਸ ਭਰਵਾਉਣ ਤੋਂ ਬੇਬਸ ਨਜ਼ਰ ਆ ਰਹੇ ਹਨ।
ਪਿੰਡ ਗੁਰੂ ਨਾਨਕਪੁਰਾ ਦੀ ਬੀਬੀ ਲਕਸ਼ਮੀ ਦਾ ਕਹਿਣਾ ਹੈ ਕਿ ਸਰਕਾਰ ਵਲੋਂ 'ਉਜਵਲ ਯੋਜਨਾ' ਤਹਿਤ ਗੈਸ ਕੁਨੈਕਸ਼ਨ ਦੇ ਮੱਧਮ ਰੇਖਾ ਤੋਂ ਹੇਠ ਜਿੰਦਗੀ ਬਸਰ ਕਰ ਰਹੇ ਲੋਕਾਂ ਬਾਰੇ ਸੋਚਣਾ ਵਧੀਆ ਗੱਲ ਸੀ ਪਰ ਕੋਰੋਨਾ ਕਾਲ ਤੋਂ ਬਾਅਦ ਪਹਿਲਾਂ ਹੀ ਮੁਸ਼ਕਿਲ ਨਾਲ ਗੁਜਾਰਾ ਕਰ ਰਹੇ ਪਰਿਵਾਰਾਂ ਤੇ ਰਸੋਈ ਗੈਸ ਕੀਮਤਾਂ ਦੇ ਇੰਨੇ ਬੋਝ ਪੈ ਜਾਣ ਕਾਰਨ ਮੁਸ਼ਕਿਲ ਹੋ ਰਹੀ ਹੈ, ਜਿਸ ਕਾਰਨ ਮਜ਼ਬੂਰੀ ਵੱਸ ਗੈਸ ਦੀ ਬਜਾਏ ਘਰ ‘ਚ ਚੁੱਲੇ ਤੇ ਰੋਟੀ ਪਕਾਉਣ ਨੂੰ ਮਜਬੂਰ ਹਾਂ।
ਇਹ ਵੀ ਪੜ੍ਹੋ:ਅਕਾਲੀਆਂ ਦੇ ਕਰਜ਼ੇ ਦਾ ਕਰੋੜਾਂ ਰੁਪਏ ਸਾਲਾਨਾ ਵਿਆਜ਼ ਭਰ ਰਹੀ ਹੈ ਸਰਕਾਰ: ਜਾਖੜ